Latest News
ਲੋਕਾਂ ਦਾ ਤੇਲ ਕੱਢਦਾ ਮੋਦੀ

Published on 11 Jun, 2021 10:21 AM.

ਇਸ ਸਮੇਂ ਖੁਰਾਕੀ ਵਸਤਾਂ ਦੀ ਮਹਿੰਗਾਈ ਸਿਖਰ ਉੱਤੇ ਪੁੱਜੀ ਹੋਈ ਹੈ | ਦਾਲਾਂ, ਖਾਣਾ ਪਕਾਉਣ ਵਾਲੇ ਤੇਲ ਤੋਂ ਲੈ ਕੇ ਸਬਜ਼ੀਆਂ ਤੇ ਫਲਾਂ ਤੱਕ ਕੋਈ ਵੀ ਖੁਰਾਕੀ ਵਸਤੂ ਨਹੀਂ, ਜਿਹੜੀ ਦੂਣੇ-ਤੀਣੇ ਭਾਅ ਉੱਤੇ ਨਾ ਵਿਕ ਰਹੀ ਹੋਵੇ | ਪਿਛਲੇ ਦਿਨੀਂ ਜਦੋਂ ਇੱਕ ਪੱਤਰਕਾਰ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਤੋਂ ਪੁੱਛਿਆ ਕਿ ਸਰ੍ਹੋਂ ਦੇ ਤੇਲ ਦੇ ਭਾਅ ਵਿੱਚ ਏਨਾ ਉਛਾਲ ਕਿਉਂ ਆਇਆ ਹੈ ਤਾਂ ਉਸ ਦਾ ਜਵਾਬ ਬੇਤੁਕਾ ਹੀ ਨਹੀਂ, ਹਾਸੋਹੀਣਾ ਵੀ ਸੀ | ਉਸ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਰੋ੍ਹਾ ਦੇ ਤੇਲ ਵਿੱਚ ਹੋ ਰਹੀ ਮਿਲਾਵਟ ਬੰਦ ਕਰ ਦਿੱਤੀ ਹੈ, ਇਸ ਲਈ ਤੇਲ ਦੇ ਭਾਅ ਚੜ੍ਹ ਗਏ ਹਨ | ਕਮਾਲ ਹੈ, ਨਾਗਪੁਰ ਯੂਨੀਵਰਸਿਟੀ ਵਿੱਚ ਪੜ੍ਹੇ ਵਿਦਵਾਨਾਂ ਦੀ, ਜਿਹੜੇ ਭਾਅ ਵਧਣ ਨੂੰ ਵੀ ਮੋਦੀ ਸਰਕਾਰ ਦੀ ਪ੍ਰਾਪਤੀ ਵਜੋਂ ਪੇਸ਼ ਕਰਨ ਲਈ ਤਰਕਹੀਣ ਤਰਕ ਪੇਸ਼ ਕਰਨ ਤੋਂ ਵੀ ਝਕਦੇ ਨਹੀਂ |
ਹਰ ਕੋਈ ਜਾਣਦਾ ਹੈ ਕਿ ਮਹਿੰਗਾਈ ਵਧਣ ਦੇ ਮੁੱਖ ਕਾਰਨਾਂ ਵਿੱਚ ਉਤਪਾਦਨ ਘੱਟ ਹੋਣਾ, ਢੋਆ-ਢੁਆਈ ਦਾ ਖਰਚਾ ਵਧਣਾ ਤੇ ਜ਼ਖੀਰੇਬਾਜ਼ੀ ਅਹਿਮ ਕਾਰਕ ਹੁੰਦੇ ਹਨ | ਪਿਛਲੇ ਸਮੇਂ ਵਿੱਚ ਦੇਸ਼ ਅੰਦਰ ਖੁਰਾਕੀ ਵਸਤਾਂ ਦਾ ਉਤਪਾਦਨ ਰਿਕਾਰਡ ਪੱਧਰ ਉੱਤੇ ਹੁੰਦਾ ਰਿਹਾ ਹੈ | ਜਿੱਥੋਂ ਤੱਕ ਢੋਆ-ਢੁਆਈ ਦਾ ਸਵਾਲ ਹੈ, ਸਾਡੇ ਦੇਸ਼ ਵਿੱਚ ਇਸ ਦਾ ਮੁੱਖ ਵਸੀਲਾ ਡੀਜ਼ਲ ਨਾਲ ਚੱਲਣ ਵਾਲੇ ਵਾਹਨ ਹਨ | ਪਿਛਲੇ ਸਮੇਂ ਦੌਰਾਨ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਜਿਸ ਤਰ੍ਹਾਂ ਬੇਤਹਾਸ਼ਾ ਟੈਕਸ ਇਕੱਠਾ ਕਰਨ ਲਈ ਡੀਜ਼ਲ ਆਦਿ ਦੇ ਰੇਟਾਂ ਨੂੰ ਅਸਮਾਨ ਉੱਤੇ ਚਾੜ੍ਹ ਦਿੱਤਾ ਹੈ, ਉਸ ਨੇ ਢੋਆ-ਢੁਆਈ ਦੇ ਖਰਚਿਆਂ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ ਹੈ | ਇੱਕ ਪਾਸੇ ਇਸ ਦਾ ਮਾਰੂ ਅਸਰ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਚਾਰ ਪਹੀਆ ਤੇ ਦੋ ਪਹੀਆ ਵਾਹਨ ਵਰਤਣ ਵਾਲੇ ਮੱਧ ਵਰਗੀ ਲੋਕਾਂ ਦੀ ਆਰਥਿਕਤਾ ਉੱਤੇ ਪਿਆ ਹੈ ਤੇ ਦੂਜੇ ਪਾਸੇ ਇਸ ਨੇ ਹਰ ਰਸੋਈ ਦਾ ਬੱਜਟ ਵਿਗਾੜ ਕੇ ਰੱਖ ਦਿੱਤਾ ਹੈ |
ਜੇਕਰ ਅਸੀਂ ਵਿੱਤੀ ਵਰ੍ਹੇ 2014-15 ਵਿਚਲੀਆਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦੀ ਤੁਲਨਾ ਅੱਜ ਨਾਲ ਕਰੀਏ ਤਾਂ ਸਮਝ ਆ ਜਾਵੇਗੀ ਕਿ ਕਿਵੇਂ ਮੋਦੀ ਸਰਕਾਰ ਆਮ ਭਾਰਤੀਆਂ ਦਾ ਤੇਲ ਕੱਢਣ ਦੇ ਰਾਹ ਪਈ ਹੋਈ ਹੈ | ਜਦੋਂ ਮੋਦੀ ਸਰਕਾਰ ਨੇ ਸੱਤਾ ਸੰਭਾਲੀ ਸੀ ਤਾਂ ਪੈਟਰੋਲ ਉੱਤੇ ਐਕਸਾਈਜ਼ ਡਿਊਟੀ 9 ਰੁਪਏ 48 ਪੈਸੇ ਅਤੇ ਡੀਜ਼ਲ ਉਤੇ 3 ਰੁਪਏ 56 ਪੈਸੇ ਲਿਟਰ ਸੀ | ਅੱਜ ਇਹ ਵਧਾ ਕੇ ਕਰਮਵਾਰ 32 ਰੁਪਏ 90 ਪੈਸੇ ਤੇ 31 ਰੁਪਏ 80 ਪੈਸੇ ਕਰ ਦਿੱਤੀ ਗਈ ਹੈ | ਇਸ ਤਰ੍ਹਾਂ ਸਰਕਾਰ ਨੇ ਵਿੱਤੀ ਵਰ੍ਹੇ 2014-15 ਵਿੱਚ 74,158 ਕਰੋੜ ਦੇ ਮੁਕਾਬਲੇ ਲੋਕਾਂ ਦੀਆਂ ਜੇਬਾਂ ਵਿੱਚੋਂ ਵਿੱਤੀ ਵਰ੍ਹੇ 2020-2021 ਦੇ ਪਹਿਲੇ 10 ਮਹੀਨਿਆਂ ਵਿੱਚ ਹੀ 2.95 ਲੱਖ ਕਰੋੜ ਲੁੱਟ ਲਏ ਸਨ | ਹਾਲਤ ਇਹ ਹੈ ਕਿ ਅੱਜ ਜਦੋਂ ਅਸੀਂ 100 ਰੁਪਏ ਦਾ ਪੈਟਰੋਲ ਖਰੀਦਦੇ ਹਾਂ ਤਾਂ ਉਸ ਵਿੱਚ 60 ਰੁਪਏ ਟੈਕਸ ਵਜੋਂ ਸਰਕਾਰਾਂ ਨੂੰ ਦੇ ਰਹੇ ਹੁੰਦੇ ਹਾਂ | ਇਸੇ ਤਰ੍ਹਾਂ ਡੀਜ਼ਲ ਖਰੀਦਣ ਸਮੇਂ ਵੀ ਅਸੀਂ 100 ਵਿੱਚੋਂ 53 ਰੁਪਏ ਸਰਕਾਰਾਂ ਦੀ ਚੱਟੀ ਭਰਦੇ ਹਾਂ | ਇਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਉਤੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਪੈਟਰੋਲ ਤਾਂ ਅਸੀਂ 40 ਰੁਪਏ ਲਿਟਰ ਹੀ ਖਰੀਦਦੇ ਹਾਂ, 60 ਰੁਪਏ ਤਾਂ ਪਾਕਿਸਤਾਨ ਨੂੰ ਡਰਾਉਣ ਲਈ ਮੋਦੀ ਨੂੰ ਦਿੰਦੇ ਹਾਂ |
ਇਸ ਲੁੱਟ ਦੇ ਧੰਦੇ ਦਾ ਸੱਚ ਜਾਨਣ ਲਈ ਅਸੀਂ 1 ਜੂਨ 2021 ਦੇ ਪੈਟਰੋਲ ਦੇ ਭਾਅ ਦਾ ਲੇਖਾ-ਜੋਖਾ ਕਰਦੇ ਹਾਂ | ਉਸ ਦਿਨ ਕੱਚਾ ਤੇਲ 70.67 ਡਾਲਰ ਪ੍ਰਤੀ ਬੈਰਲ ਸੀ, ਜੋ ਉਸ ਦਿਨ ਦੇ ਕਰੰਸੀ ਰੇਟ ਮੁਤਾਬਕ 5151 ਰੁਪਏ ਬੈਰਲ ਬਣਦਾ ਸੀ | ਇੱਕ ਬੈਰਲ ਵਿੱਚ 159 ਲਿਟਰ ਤੇਲ ਹੁੰਦਾ ਹੈ, ਜਿਸ ਮੁਤਾਬਕ 1 ਲਿਟਰ ਕੱਚੇ ਤੇਲ ਦੀ ਕੀਮਤ 32.39 ਰੁਪਏ ਬਣਦੀ ਹੈ | ਰਿਫਾਇਨਰੀ ਦਾ ਖਰਚ 3.6 ਰੁਪਏ ਪ੍ਰਤੀ ਲਿਟਰ ਪਾ ਕੇ ਕੀਮਤ 35.99 ਰੁਪਏ ਪ੍ਰਤੀ ਲਿਟਰ ਬਣੀ | ਪੈਟਰੋਲ ਪੰਪ ਮਾਲਕ ਦਾ ਕਮਿਸ਼ਨ 3.79 ਰੁਪਏ ਪਾਉਣ ਬਾਅਦ ਕੀਮਤ ਬਣੀ 39.78 ਰੁਪਏ ਪ੍ਰਤੀ ਲਿਟਰ | ਇਸ ਉੱਤੇ ਕੇਂਦਰ ਦੇ ਟੈਕਸ 32.90 ਰੁਪਏ ਪ੍ਰਤੀ ਲਿਟਰ ਪਾ ਕੇ ਕੀਮਤ ਬਣੀ 72.68 ਰੁਪਏ ਪ੍ਰਤੀ ਲਿਟਰ | ਇੱਥੇ ਹੀ ਬਸ ਨਹੀਂ, ਇਸ ਉੱਤੇ ਵੈਟ ਲਾਇਆ 21.81 ਰੁਪਏ ਲਿਟਰ ਤੇ ਬਣ ਗਏ 94.49 ਰੁਪਏ ਪ੍ਰਤੀ ਲਿਟਰ | ਇਹ ਉਸ ਦਿਨ ਦਾ ਦਿੱਲੀ ਦਾ ਰੇਟ ਸੀ | ਇਹੋ ਹਾਲ ਡੀਜ਼ਲ ਦਾ ਹੈ | ਇਸ ਹਾਲਤ ਵਿੱਚ ਇਸ ਲੁੱਟ ਦਾ ਅਸਰ ਸਿੱਧਾ ਤੇਲ ਖਰੀਦਣ ਉੱਤੇ ਹੀ ਨਹੀਂ ਪੈਂਦਾ, ਢੋਆ-ਢੁਆਈ ਦੇ ਕਿਰਾਏ ਵਿੱਚ ਹੋਣ ਵਾਲੇ ਵਾਧੇ ਨਾਲ ਵਸਤਾਂ ਦੀ ਮਹਿੰਗਾਈ ਉੱਤੇ ਵੀ ਪੈਂਦਾ ਹੈ |
ਇਸ ਦੇ ਨਾਲ ਹੀ ਇਸ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਵਿਚਲੇ ਇੱਕ ਕਾਨੂੰਨ ਰਾਹੀਂ ਜਮ੍ਹਾਂਖੋਰੀ ਨੂੰ ਕਾਨੂੰਨੀ ਰੂਪ ਦੇ ਦਿੱਤਾ ਹੈ | ਕੋਈ ਵੀ ਵਪਾਰੀ ਆਪਣੀ ਪਹੁੰਚ ਮੁਤਾਬਕ ਜਿੰਨਾ ਸਾਮਾਨ ਚਾਹੇ, ਜਮ੍ਹਾਂ ਕਰਕੇ ਰੱਖ ਸਕਦਾ ਹੈ | ਸੁਪਰੀਮ ਕੋਰਟ ਨੇ ਭਾਵੇਂ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਉੱਤੇ ਰੋਕ ਲਾਈ ਹੋਈ ਹੈ, ਪਰ ਰੋਕਣਾ ਤਾਂ ਸਰਕਾਰ ਨੇ ਹੈ, ਜਿਹੜੀ ਹੈ ਈ ਧਨ-ਕੁਬੇਰਾਂ ਦੀ ਦਲਾਲ ਸਰਕਾਰ | ਇਹ ਖ਼ਬਰਾਂ ਆਈਆਂ ਸਨ ਕਿ ਪਿਛਲੀ ਫ਼ਸਲ ਸਮੇਂ ਬਾਬਾ ਰਾਮਦੇਵ ਤੇ ਅਡਾਨੀ ਨੇ ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚੋਂ ਸਰ੍ਹੋਂ ਦੀ ਸਾਰੀ ਜਿਣਸ ਮਹਿੰਗੇ ਭਾਅ ਖਰੀਦ ਕੇ ਗੋਦਾਮਾਂ ਵਿੱਚ ਜਮ੍ਹਾਂ ਕਰ ਲਈ ਸੀ | ਇਸ ਨਾਲ ਸਰੋ੍ਹਾ ਦੀ ûੜ ਆਉਣ ਕਰਕੇ ਸਰ੍ਹੋਂ ਦੇ ਆਮ ਤੇਲ ਦੀਆਂ ਕੀਮਤਾਂ ਵਧਣੀਆਂ ਕੁਦਰਤੀ ਸਨ | ਇਸ ਹਾਲਤ ਵਿੱਚ ਅਡਾਨੀ ਦਾ ਸਫੋਲਾ ਤੇ ਰਾਮਦੇਵ ਦੇ ਬਰਾਂਡਡ ਤੇਲ ਨੇ ਸਮੁੱਚੇ ਬਜ਼ਾਰ ਉੱਤੇ ਕਬਜ਼ਾ ਕਰਨ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ | ਇਹ ਤਾਂ ਸ਼ੁਰੂਆਤ ਹੈ, ਆਉਣ ਵਾਲਾ ਸਮਾਂ ਹੋਰ ਵੀ ਕਚੂੰਬਰ ਕੱਢਣ ਵਾਲਾ ਹੋਵੇਗਾ |
-ਚੰਦ ਫਤਿਹਪੁਰੀ

718 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper