Latest News
ਜੇਲ੍ਹੀਂ ਡੱਕੇ ਬੁੱਧੀਜੀਵੀਆਂ ਨੂੰ ਰਿਹਾਅ ਕਰਵਾਉਣ ਲਈ ਦਿੱਲੀ ਬਾਰਡਰਾਂ 'ਤੇ ਲੇਖਕਾਂ ਵੱਲੋਂ ਉੱਠੀ ਆਵਾਜ਼

Published on 13 Jun, 2021 09:38 AM.


ਨਵੀਂ ਦਿੱਲੀ : ਅੱਜ ਵਰ੍ਹਦੇ ਮੀਂਹ ਦਰਮਿਆਨ ਦਿੱਲੀ ਮੋਰਚੇ ਉੱਪਰ ਭਾਕਿਯੂ ਏਕਤਾ (ਉਗਰਾਹਾਂ) ਵੱਲੋਂ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਨੂੰ ਬੁਲੰਦ ਕਰਦਿਆਂ ਗਿ੍ਫਤਾਰ ਕੀਤੇ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਰਿਹਾਅ ਕਰਨ ਦੀ ਮੰਗ ਲਈ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਨਾਲ ਹੀ ਜਮਹੂਰੀ ਹੱਕਾਂ ਦਾ ਦਮਨ ਕਰਨ ਵਾਲੇ ਯੂਏਪੀਏ, ਐੱਨਐੱਸਏ ਅਤੇ ਦੇਸ਼ਧ੍ਰੋਹ ਵਰਗੇ ਕਾਲੇ ਕਾਨੂੰਨਾਂ ਖ਼ਿਲਾਫ਼ ਵੀ ਆਵਾਜ਼ ਉਠਾਈ ਗਈ | ਇਹ ਵਿਸ਼ੇਸ਼ ਇਕੱਤਰਤਾ ਕੌਮੀ ਪੱਧਰ 'ਤੇ ਜਮਹੂਰੀ ਜਥੇਬੰਦੀਆਂ ਵੱਲੋਂ ਦਿੱਤੇ ਪੰਦਰਵਾੜਾ ਮਨਾਉਣ ਦੇ ਸੱਦੇ ਤਹਿਤ ਕੀਤੀ ਗਈ ਸੀ ਜਿਸ ਵਿੱਚ ਪੰਜਾਬ ਦੇ ਨਾਮਵਰ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ | ਵਰ੍ਹਦੇ ਮੀਂਹ ਅਤੇ ਝੱਖੜ ਦੇ ਦਰਮਿਆਨ ਹੀ ਮੰਚ ਤੋਂ ਜੋਸ਼ ਭਰਪੂਰ ਤਕਰੀਰਾਂ ਹੋਈਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਰਿਹਾਈ ਲਈ ਨਾਅਰੇ ਵੀ ਗੂੰਜੇ | ਇਕੱਠ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ, ਉੱਘੇ ਵਕੀਲ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਅੱੈਨ ਕੇ ਜੀਤ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਡਾ. ਅਸ਼ੋਕ ਧਾਵਲੇ ਅਤੇ ਪੰਜਾਬੀ ਨਾਟਕਕਾਰ ਡਾ. ਸਾਹਿਬ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਲੋਕਾਂ ਦੇ ਜਮਹੂਰੀ ਹੱਕਾਂ ਦਾ ਬੁਰੀ ਤਰ੍ਹਾਂ ਦਮਨ ਕਰ ਰਹੀ ਹੈ | ਲੋਕਾਂ ਦੇ ਹੱਕਾਂ ਲਈ ਲਿਖਣ ਅਤੇ ਬੋਲਣ ਵਾਲੇ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਦਰਜਨਾਂ ਕਾਰਕੁੰਨਾਂ ਨੂੰ ਮੋਦੀ ਹਕੂਮਤ ਨੇ ਦੇਸ਼ਧ੍ਰੋਹ ਵਰਗੇ ਝੂਠੇ ਕੇਸਾਂ ਤਹਿਤ ਜੇਲ੍ਹੀਂ ਡੱਕਿਆ ਹੋਇਆ ਹੈ | ਭੀਮਾ ਕੋਰੇਗਾਓਾ ਦੇ ਝੂਠੇ ਕੇਸ 'ਚ ਗਿ੍ਫ਼ਤਾਰ ਕੀਤੇ ਬੁੱਧੀਜੀਵੀਆਂ ਨੂੰ ਤਿੰਨ ਸਾਲ ਹੋ ਚੁੱਕੇ ਹਨ | ਇਨ੍ਹਾਂ 'ਚ ਕਈ ਬਜ਼ੁਰਗ ਅਤੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਲੋਕ ਵੀ ਹਨ ਜਿਨ੍ਹਾਂ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾ ਰਹੀ | ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ 'ਚ ਵੀ ਸਰਕਾਰ ਕੋਈ ਪ੍ਰਵਾਹ ਨਹੀਂ ਕਰ ਰਹੀ ਕਿਉਂਕਿ ਉਸ ਵੱਲੋਂ ਇਨ੍ਹਾਂ ਲੋਕਾਂ ਨੂੰ ਜੇਲ੍ਹਾਂ 'ਚ ਹੀ ਮਰ ਜਾਣ ਲਈ ਸੁੱਟ ਦਿੱਤਾ ਗਿਆ ਹੈ | ਜੇਲ੍ਹੀਂ ਡੱਕੇ ਇਨ੍ਹਾਂ ਲੋਕਾਂ 'ਚ ਨਤਾਸ਼ਾ ਨਰਵਾਲ ਵਰਗੀਆਂ ਨੌਜਵਾਨ ਕੁੜੀਆਂ ਤੋਂ ਲੈ ਕੇ ਸਟੇਨ ਸਵਾਮੀ ਵਰਗੇ ਬਜ਼ੁਰਗ ਪਾਦਰੀ ਤੱਕ ਵੀ ਸ਼ਾਮਲ ਹਨ | ਇਨ੍ਹਾਂ ਤੋਂ ਇਲਾਵਾ ਜਮਹੂਰੀ ਹੱਕਾਂ ਦੀ ਕਾਰਕੰੁਨ ਡਾ. ਨਵਸ਼ਰਨ, ਪੰਜਾਬੀ ਦੇ ਕਹਾਣੀਕਾਰ ਜਸਪਾਲ ਮਾਨਖੇੜਾ, ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਨਜ਼ਰੀਆ ਮੈਗਜ਼ੀਨ ਦੇ ਸੰਪਾਦਕ ਗੁਲਜ਼ਾਰ ਪੰਧੇਰ, ਪੰਜਾਬੀ ਆਲੋਚਕ ਡਾ. ਅਰਵਿੰਦਰ ਕੌਰ ਕਾਕੜਾ, ਪੰਜਾਬੀ ਕਵੀ ਸੁਰਜੀਤ ਜੱਜ, ਲੇਖਕ ਡਾ: ਕੁਲਦੀਪ ਦੀਪ ਅਤੇ ਫੋਕਲੋਰ ਰਿਸਰਚ ਅਕੈਡਮੀ ਤੋਂ ਰਮੇਸ਼ ਯਾਦ ਨੇ ਕਿਹਾ ਕਿ ਪੰਜਾਬੀ ਦੇ ਕਲਮਕਾਰ ਅਤੇ ਕਲਾਕਾਰ ਜਮਹੂਰੀ ਹੱਕਾਂ ਦੀ ਲਹਿਰ 'ਚ ਹਮੇਸ਼ਾ ਅੰਗ-ਸੰਗ ਰਹੇ ਹਨ ਅਤੇ ਹੁਣ ਵੀ ਮੋਦੀ ਹਕੂਮਤ ਦੇ ਫਾਸ਼ੀਵਾਦੀ ਹਮਲੇ ਮੂਹਰੇ ਡਟ ਕੇ ਲੋਕਾਂ ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਰਿਹਾਈ ਲਈ ਦਿੱਲੀ ਮੋਰਚੇ ਤੋਂ ਆਵਾਜ਼ ਉੱਠਣੀ ਵੀ ਬਹੁਤ ਜ਼ਰੂਰੀ ਸੀ | ਭਾਕਿਯੂ ਏਕਤਾ (ਉਗਰਾਹਾਂ) ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਰੌਸ਼ਨ ਦਿਮਾਗ ਲੋਕਾਂ ਨੂੰ ਜੇਲ੍ਹੀਂ ਡੱਕਣ ਦਾ ਕਾਰਨ ਇਨ੍ਹਾਂ ਵੱਲੋਂ ਮੋਦੀ ਹਕੂਮਤ ਦੀਆਂ ਫਿਰਕੂ ਫਾਸ਼ੀਵਾਦੀ ਨੀਤੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਅਤੇ ਚੇਤਨ ਕਰਨਾ ਹੈ | ਇਹ ਦਹਾਕਿਆਂ ਤੋਂ ਆਦਿਵਾਸੀਆਂ, ਗਰੀਬ ਕਿਸਾਨਾਂ, ਦਲਿਤਾਂ, ਔਰਤਾਂ, ਸਮਾਜ ਅਤੇ ਹੋਰ ਮਿਹਨਤਕਸ਼ ਤਬਕਿਆਂ ਦੇ ਹੱਕਾਂ ਲਈ ਬੋਲਦੇ, ਲਿਖਦੇ ਅਤੇ ਡਟਦੇ ਆ ਰਹੇ ਹਨ | ਇਨ੍ਹਾਂ ਨੂੰ ਜੇਲ੍ਹੀਂ ਡੱਕ ਕੇ ਹਕੂਮਤ ਸਮਾਜ ਦੇ ਇਸ ਤਬਕੇ ਦੇ ਮਨਾਂ 'ਚ ਖੌਫ ਬਿਠਾਉਣਾ ਚਾਹੁੰਦੀ ਹੈ ਅਤੇ ਲੋਕਾਂ ਦੇ ਹੱਕਾਂ ਦੀ ਲਹਿਰ ਨੂੰ ਇਨ੍ਹਾਂ ਜ਼ਹੀਨ ਲੋਕਾਂ ਦੇ ਸਾਥ ਤੋਂ ਵਾਂਝਾ ਕਰਨਾ ਚਾਹੁੰਦੀ ਹੈ | ਇਨ੍ਹਾਂ ਦੀ ਰਿਹਾਈ ਲਈ ਉੱਠਦੀ ਹਰ ਆਵਾਜ਼ 'ਤੇ ਵੀ ਮਾਓਵਾਦੀ ਜਾਂ ਦੇਸ਼ਧ੍ਰੋਹੀ ਹੋਣ ਦਾ ਲੇਬਲ ਚਿਪਕਾ ਦਿੱਤਾ ਜਾਂਦਾ ਹੈ |
ਇਸ ਮੌਕੇ ਨੌਜਵਾਨ ਭਾਰਤ ਸਭਾ ਅਤੇ ਪੀ ਐੱਸ ਯੂ (ਸ਼ਹੀਦ) ਰੰਧਾਵਾ ਵੱਲੋਂ ਬੁੱਧੀਜੀਵੀਆਂ ਦੀਆਂ ਤਸਵੀਰਾਂ ਵਾਲਾ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ਨੂੰ ਪੰਜਾਬ ਦੀ ਜਮਹੂਰੀ ਲਹਿਰ ਵੱਲੋਂ ਪ੍ਰੋ ਜਗਮੋਹਨ ਸਿੰਘ ਨੇ ਦੇਸ਼ ਦੀ ਜਮਹੂਰੀ ਲਹਿਰ ਨਾਲ ਇੱਕਜੁੱਟਤਾ ਦਰਸਾਉਣ ਲਈ ਡਾ ਨਵਸ਼ਰਨ ਨੂੰ ਭੇਟ ਕੀਤਾ | ਸਭ ਤੋਂ ਅਖੀਰ 'ਚ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਕਿਰਤ, ਕਲਮ, ਕਲਾ ਅਤੇ ਸੰਗਰਾਮ ਦੀ ਜੋਟੀ ਦਾ ਸੁਨੇਹਾ ਦਿੰਦਾ ਐਕਸ਼ਨ ਗੀਤ ਪੇਸ਼ ਕੀਤਾ ਗਿਆ | ਜਥੇਬੰਦੀ ਨੇ ਐਲਾਨ ਕੀਤਾ ਕਿ ਆਉਂਦੇ ਦਿਨਾਂ 'ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚੋਂ ਵੀ ਬੁੱਧੀਜੀਵੀਆਂ ਦੀ ਰਿਹਾਈ ਲਈ ਆਵਾਜ਼ ਉਠਾਈ ਜਾਵੇਗੀ |

169 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper