Latest News
ਕਸ਼ਮੀਰ 'ਚ ਚੋਣ ਅਮਲ ਸ਼ੁਰੂ ਕਰਨ ਲਈ ਹਲਚਲ

Published on 13 Jun, 2021 09:42 AM.


ਸ੍ਰੀਨਗਰ : ਜੰਮੂ-ਕਸ਼ਮੀਰ ਵਿਚ ਚੋਣਾਂ ਨਾਲ ਜੁੜੀ ਸਿਆਸੀ ਪ੍ਰਕਿਰਿਆ ਸ਼ੁਰੂ ਕਰਨ ਤੇ ਉਸ ਦਾ ਰਾਜ ਦਾ ਦਰਜਾ ਬਹਾਲ ਕਰਨ ਲਈ ਕੇਂਦਰ ਸਰਕਾਰ ਰਾਜ ਦੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਸ਼ੁਰੂ ਕਰ ਸਕਦੀ ਹੈ | ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਾਉਣ ਲਈ ਬਣੇ ਸੱਤ-ਪਾਰਟੀ ਗੁਪਕਾਰ ਅਲਾਇੰਸ ਨੇ ਗੱਲਬਾਤ ਵਿਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ | ਗੱਠਜੋੜ ਵਿਚ ਸ਼ਾਮਲ ਨੈਸ਼ਨਲ ਕਾਨਫਰੰਸ ਨੇ ਕਿਹਾ ਹੈ ਕਿ ਉਹ ਨਵੀਂ ਹਲਕਾਬੰਦੀ ਦੀ ਪ੍ਰਕਿਰਿਆ ਵਿਚ ਸ਼ਾਮਲ ਹੋ ਸਕਦੀ ਹੈ |
ਜੂਨ 2018 ਵਿਚ ਭਾਜਪਾ ਵੱਲੋਂ ਮਹਿਬੂਬਾ ਮੁਫਤੀ ਨਾਲ ਗੱਠਜੋੜ ਤੋੜਨ ਦੇ ਬਾਅਦ ਤੋਂ ਜੰਮੂ-ਕਸ਼ਮੀਰ ਰਾਸ਼ਟਰਪਤੀ ਰਾਜ ਹੇਠ ਰੱਖਿਆ ਗਿਆ ਸੀ | ਉਦੋਂ ਤੋਂ ਉਥੇ ਸਿਆਸੀ ਪ੍ਰਕਿਰਿਆ ਠੱਪ ਹੈ | ਅਗਸਤ 2019 ਵਿਚ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੰਵਿਧਾਨਕ ਹੱਕ ਦਿੰਦੀ ਧਾਰਾ 370 ਖਤਮ ਕਰਕੇ ਉਸ ਨੂੰ ਜੰਮੂ-ਕਸ਼ਮੀਰ ਤੇ ਲੱਦਾਖ ਨਾਂਅ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ | ਉਮੀਦ ਸੀ ਕਿ 2019 ਵਿਚ ਆਮ ਚੋਣਾਂ ਦੇ ਨਾਲ ਰਾਜ ਵਿਚ ਵੀ ਚੋਣਾਂ ਹੋਣਗੀਆਂ, ਪਰ ਚੋਣ ਕਮਿਸ਼ਨ ਨੇ ਇਕ ਪ੍ਰਸ਼ਾਸਨਕ ਰਿਪੋਰਟ ਦਾ ਹਵਾਲਾ ਦੇ ਕੇ ਚੋਣਾਂ ਕਰਾਉਣ ਤੋਂ ਨਾਂਹ ਕਰ ਦਿੱਤੀ ਸੀ | ਰਿਪੋਰਟ ਵਿਚ ਕਿਹਾ ਗਿਆ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਚੋਣਾਂ ਕਰਾਉਣੀਆਂ ਖਤਰੇ ਤੋਂ ਖਾਲੀ ਨਹੀਂ ਹੋਣਗੀਆਂ | ਹੁਣ ਸੂਤਰਾਂ ਨੇ ਦੱਸਿਆ ਹੈ ਕਿ ਸਰਕਾਰ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਕੇ ਚੋਣਾਂ ਬਾਰੇ ਚਰਚਾ ਕਰ ਸਕਦੀ ਹੈ | ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਹ ਗੱਲਬਾਤ ਦੇ ਹੱਕ ਵਿਚ ਹਨ | ਉਹ ਪਿਛਲੇ ਬੁੱਧਵਾਰ ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਆਗੂ ਮਹਿਬੂਬਾ ਮੁਫਤੀ ਨੂੰ ਵੀ ਮਿਲੇ ਸਨ | ਕਸ਼ਮੀਰੀ ਆਗੂਆਂ ਨਾਲ ਸੰਭਾਵਤ ਗੱਲਬਾਤ ਦਾ ਸੰਕੇਤ ਅਮਰੀਕੀ ਕਾਂਗਰਸ ਵਿਚ ਸੁਣਵਾਈ ਤੋਂ ਮਿਲਿਆ ਹੈ, ਜਿਸ ਵਿਚ ਬਾਈਡੇਨ ਪ੍ਰਸ਼ਾਸਨ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਭਾਰਤ ਸਰਕਾਰ ਨੂੰ ਕਸ਼ਮੀਰ ਵਿਚ ਚੋਣ ਪ੍ਰਕਿਰਿਆ ਲਈ ਕਦਮ ਚੁੱਕਣ ਵਾਸਤੇ ਉਤਸ਼ਾਹਤ ਦੇ ਰਿਹਾ ਹੈ |

207 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper