Latest News
ਚੋਣ-ਯੁੱਧ ਦਾ ਸ੍ਰੀਗਣੇਸ਼

Published on 13 Jun, 2021 09:52 AM.

ਇਸ ਸਮੇਂ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅੱਠ ਕੁ ਮਹੀਨੇ ਬਚੇ ਹਨ, ਸਭ ਸਿਆਸੀ ਧਿਰਾਂ ਨੇ ਲੰਗਰ-ਲੰਗੋਟੇ ਕੱਸਣੇ ਸ਼ੁਰੂ ਕਰ ਦਿੱਤੇ ਹਨ | ਇਸ ਸਥਿਤੀ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦੀ ਹਾਲਤ 'ਇੱਕ ਅਨਾਰ ਸੌ ਬਿਮਾਰ' ਵਾਲੀ ਬਣੀ ਹੋਈ ਹੈ | ਚਾਹੀਦਾ ਤਾਂ ਇਹ ਸੀ ਕਿ ਸਮੁੱਚੀ ਪਾਰਟੀ ਇੱਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਉਤਰਦੀ, ਪਰ ਕਾਂਗਰਸੀਆਂ ਦੀ ਚੌਧਰ-ਭੁੱਖ ਨੇ ਖਿਲਾਰਾ ਏਨਾ ਪਾ ਲਿਆ, ਜਿਸ ਵਿੱਚੋਂ ਨਿਕਲਣ ਦਾ ਦਿੱਲੀ ਵਾਲਿਆਂ ਨੂੰ ਵੀ ਰਾਹ ਨਹੀਂ ਲੱਭ ਰਿਹਾ | ਕਾਂਗਰਸ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਇਹ ਸਿਰਫ਼ ਨੇਤਾਵਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਤੇ ਹਰ ਨੇਤਾ ਆਪਣੇ-ਆਪ ਨੂੰ ਪਾਰਟੀ ਸਮਝਦਾ ਹੈ | ਇਨ੍ਹਾਂ ਨੇਤਾਵਾਂ ਵਿੱਚ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਮਤਲਬ ਆਪਣੀ ਕੁਰਸੀ ਨੂੰ ਬਚਾ ਕੇ ਰੱਖਣ ਤੱਕ ਸੀਮਤ ਹੋ ਚੁੱਕਾ ਹੈ |
ਸਾਨੂੰ 2012 ਦੀਆਂ ਵਿਧਾਨ ਸਭਾ ਚੋਣਾਂ ਦੀ ਇੱਕ ਘਟਨਾ ਯਾਦ ਹੈ | ਉਨ੍ਹਾਂ ਚੋਣਾਂ ਵਿੱਚ ਜਲੰਧਰ ਜ਼ਿਲ੍ਹੇ ਦੀਆਂ 9 ਸੀਟਾਂ ਵਿੱਚੋਂ 4 'ਤੇ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ, ਅਮਰਜੀਤ ਸਿੰਘ ਸਮਰਾ ਤੇ ਅਵਤਾਰ ਹੈਨਰੀ ਵਰਗੇ ਘਾਗ ਆਗੂ ਮੈਦਾਨ 'ਚ ਸਨ | ਹਵਾ ਕਾਂਗਰਸ ਦੇ ਹੱਕ ਵਿੱਚ ਸੀ | ਇੱਕ ਦਿਨ ਇੱਕ ਪੱਤਰਕਾਰ ਨੇ ਇਨ੍ਹਾਂ ਵਿੱਚੋਂ ਇੱਕ ਆਗੂ ਤੋਂ ਉਸ ਦੀ ਚੋਣ ਦਾ ਹਾਲ ਪੁੱਛ ਲਿਆ | ਉਹ ਕਹਿੰਦਾ ਜਿੱਤ ਤਾਂ ਜਾਣਾ ਹੀ ਹੈ, ਪਰ ਮੁਸ਼ਕਲ ਇਹ ਹੈ ਕਿ ਜੇ ਸਾਰੇ ਜਿੱਤ ਗਏ ਤਾਂ ਮਨਿਸਟਰੀ ਮਿਲਣੀ ਔਖੀ ਹੋ ਜਾਣੀ ਹੈ | ਇਸ ਲਈ ਕੋਈ ਦਾਅ ਖੇਡਣਾ ਪੈਣਾ, ਤਾਂ ਜੋ ਦੂਜੇ ਹਾਰ ਜਾਣ | ਜਦੋਂ ਨਤੀਜਾ ਆਇਆ ਤਾਂ ਆਪਣੇ ਮਜ਼ਬੂਤ ਗੜ੍ਹ ਵਿੱਚ ਕਾਂਗਰਸ ਸਾਰੀਆਂ ਸੀਟਾਂ ਹਾਰ ਗਈ, ਕਿਉਂਕਿ ਸਾਰੇ ਹੀ ਦਾਅ ਖੇਡਣ ਉੱਤੇ ਲੱਗੇ ਰਹੇ ਸਨ | ਕਾਂਗਰਸ ਦੀ ਇਸੇ ਹਾਲਤ ਕਾਰਨ ਕੋਈ ਵੀ ਹੋਰ ਧਿਰ ਉਸ ਨਾਲ ਜੋਟੀ ਪਾਉਣ ਲਈ ਤਿਆਰ ਨਹੀਂ, ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸੀਟ ਤਾਂ ਕਾਂਗਰਸ ਦੇ ਦੇਵੇਗੀ, ਪਰ ਜਿਹੜੇ ਕਾਂਗਰਸੀ ਦੀ ਕੱਟੀ ਗਈ ਉਸ ਨੇ ਸਾਰਾ ਜ਼ੋਰ ਹਰਾਉਣ ਉੱਤੇ ਲਾ ਦੇਣਾ |
ਕਾਂਗਰਸ ਵਿੱਚ ਮਚੇ ਘਮਸਾਨ ਦੌਰਾਨ ਦੂਜੀ ਵੱਡੀ ਧਿਰ ਸ਼ੋ੍ਰਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੌਤਾ ਸਿਰੇ ਚਾੜ੍ਹ ਕੇ ਚੋਣ ਯੁੱਧ ਵਿੱਚ ਆਪਣੇ ਪੈਰ ਮਜ਼ਬੂਤੀ ਨਾਲ ਗੱਡ ਲਏ ਹਨ | ਇੱਕ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਬੇਅਦਬੀ ਵਾਲੇ ਰੌਲੇ ਦੀ ਹਨੇਰੀ ਦੇ ਬਾਵਜੂਦ ਪਿੰਡਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ ਦਾ ਮਜ਼ਬੂਤ ਅਧਾਰ ਕਾਇਮ ਹੈ | ਇਸ ਅਧਾਰ ਨਾਲ ਜਦੋਂ ਦਲਿਤ ਵੋਟ ਆ ਜੁੜਦੀ ਹੈ ਤਾਂ ਇਹ ਫੈਸਲਾਕੁੰਨ ਬਣ ਜਾਂਦਾ ਹੈ | ਇੱਕ ਹੋਰ ਗੱਲ ਜਿਹੜੀ ਸਮੇਂ ਦੀ ਕਸੌਟੀ ਉੱਤੇ ਪਰਖੀ ਹੋਈ ਹੈ, ਉਹ ਇਹ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਵਿੱਚੋਂ ਟੁੱਟ ਕੇ ਬਣੀ ਕੋਈ ਵੀ ਪਾਰਟੀ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕੀ | ਇੱਥੋਂ ਤੱਕ ਕਿ ਗੁਰਚਰਨ ਸਿੰਘ ਟੌਹੜਾ ਵਰਗੇ ਘਾਗ ਸਿਆਸਤਦਾਨ ਦੇ ਵੀ ਪੈਰ ਨਹੀਂ ਸਨ ਲੱਗੇ | ਇਸ ਤਰ੍ਹਾਂ ਹੀ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਪੀਪਲਜ਼ ਪਾਰਟੀ ਨਾਲ ਵਾਪਰਿਆ ਸੀ | ਇਸ ਸਥਿਤੀ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਡੈਮੋਕਰੇਟਿਕ ਅਕਾਲੀ ਦਲ ਬਾਦਲ ਦਲ ਦਾ ਕੋਈ ਨੁਕਸਾਨ ਕਰ ਸਕੇਗਾ, ਜਾਪਦਾ ਨਹੀਂ | ਸੁਖਬੀਰ ਸਿੰਘ ਬਾਦਲ ਨੇ ਸਿਰਫ਼ ਬਸਪਾ ਨਾਲ ਸਮਝੌਤਾ ਹੀ ਨਹੀਂ ਕੀਤਾ, ਕਾਂਗਰਸ ਨੂੰ ਵੀ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ | ਕਾਂਗਰਸ ਪਾਰਟੀ ਦੇ ਦੋ ਵਾਰ ਵਿਧਾਇਕ ਰਹੇ ਹੰਸ ਰਾਜ ਜੋਸਨ ਤੇ ਫਾਜ਼ਿਲਕਾ ਤੋਂ ਦੋ ਵਾਰ ਜਿੱਤੇ ਡਾ. ਮਹਿੰਦਰ ਰਿਣਵਾ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਹਨ | ਆਉਂਦੇ ਦਿਨੀਂ ਦੁਆਬੇ ਦੇ ਇੱਕ ਵਿਧਾਇਕ ਦੇ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲੈਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ | ਇਸ ਸਮਝੌਤੇ ਨਾਲ ਅਕਾਲੀ ਦਲ ਨੂੰ ਵੀ ਹੁਲਾਰਾ ਮਿਲੇਗਾ ਤੇ ਬਸਪਾ ਲਈ ਵੀ ਆਪਣਾ ਲੰਮਾ ਸੋਕਾ ਖਤਮ ਕਰਨ ਦਾ ਮੌਕਾ ਹਾਸਲ ਹੋਵੇਗਾ | ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬਸਪਾ ਦਾ ਵੱਖ-ਵੱਖ ਦਲਿਤ ਸੰਪਰਦਾਵਾਂ ਵਿੱਚ ਚੰਗਾ ਰਸੂਖ ਹੈ | ਇਸ ਦਾ ਦੋਹਾਂ ਧਿਰਾਂ ਨੂੰ ਲਾਭ ਹਾਸਲ ਹੋਵੇਗਾ |
ਪੰਜਾਬ ਵਿੱਚ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਦੇ ਆਗੂ ਵੀ ਸੱਤਾ ਦਾ ਸੁੱਖ ਮਾਨਣ ਲਈ ਪੱਬਾਂ ਭਾਰ ਹੋਏ ਪਏ ਹਨ | ਹਾਲ ਦੀ ਘੜੀ ਜੇ ਦੇਖਿਆ ਜਾਵੇ ਤਾਂ ਪਾਰਟੀ ਆਪਣੀ 2017 ਵਾਲੀ ਚੜ੍ਹਤ ਕਾਇਮ ਰੱਖ ਸਕੇਗੀ, ਕਿਹਾ ਨਹੀਂ ਜਾ ਸਕਦਾ | ਆਮ ਆਦਮੀ ਪਾਰਟੀ ਕੋਲ ਕਾਡਰ ਵੀ ਹੈ, ਮਿਹਨਤ ਵੀ ਬਹੁਤ ਕਰ ਰਹੇ ਹਨ, ਪਰ ਉਸ ਕੋਲ ਪਿੰਡ ਪੱਧਰ ਤੱਕ ਸੰਗਠਿਤ ਢਾਂਚਾ ਨਹੀਂ ਹੈ | ਇਹ ਗੱਲ ਪਿਛਲੇ ਸਮੇਂ ਹੋਈਆਂ ਪੰਚਾਇਤੀ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੇ ਵੀ ਸਾਬਤ ਕਰ ਦਿੱਤੀ ਸੀ | ਪਾਰਟੀ ਵਿਚਲੀ ਟੁੱਟ-ਭੱਜ ਨੇ ਵੀ ਉਸ ਦਾ ਲੋਕਾਂ ਵਿੱਚ ਅਕਸ ਧੁੰਦਲਾ ਕੀਤਾ ਹੈ |
ਜਿੱਥੋਂ ਤੱਕ ਖੱਬੀਆਂ ਧਿਰਾਂ ਦੀ ਗੱਲ ਹੈ, ਇਸ ਸਮੇਂ ਉਨ੍ਹਾਂ ਦਾ ਸਾਰਾ ਧਿਆਨ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਜਿੱਤ ਤੱਕ ਪੁਚਾੳਣ ਉੱਤੇ ਲੱਗਾ ਹੋਇਆ ਹੈ | ਇਹ ਹੈ ਵੀ ਠੀਕ ਕਿ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਕਿਸਾਨੀ ਵਾਲੀ ਲੜਾਈ ਤਾਂ ਜ਼ਿੰਦਗੀ-ਮੌਤ ਦਾ ਸਵਾਲ ਹੈ, ਜਿਸ ਲੜਾਈ ਦੀਆਂ ਖੱਬੀਆਂ ਧਿਰਾਂ ਮੁਹਰੈਲ ਬਣੀਆਂ ਹੋਈਆਂ ਹਨ | ਇਸ ਦੇ ਨਾਲ ਇਹ ਵੀ ਹੈ ਕਿ ਅੱਠ ਮਹੀਨਿਆਂ ਦਾ ਸਮਾਂ ਕਾਫ਼ੀ ਲੰਮਾ ਹੁੰਦਾ ਹੈ, ਪਹਿਲਾਂ ਹੀ ਪੱਤੇ ਖੋਲ੍ਹ ਦੇਣ ਵਿੱਚ ਸਿਆਣਪ ਨਹੀਂ ਹੁੰਦੀ |
-ਚੰਦ ਫਤਿਹਪੁਰੀ

815 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper