Latest News
ਕਿਸਾਨ ਸੰਸਦ 'ਚ ਬੀਬੀਆਂ ਨੇ ਜ਼ਰੂਰੀ ਵਸਤਾਂ ਸੋਧ ਕਾਨੂੰਨ ਦੇ ਬਖੀਏ ਉਧੇੜੇ

Published on 26 Jul, 2021 10:55 AM.


ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਦੌਰਾਨ ਸੋਮਵਾਰ ਕਿਸਾਨ ਬੀਬੀਆਂ ਵੱਲੋਂ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਦੀ ਕਾਰਵਾਈ ਚਲਾਈ ਗਈ | ਕਿਸਾਨ ਸੰਸਦ 'ਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ 200 ਮਹਿਲਾਵਾਂ ਸ਼ਾਮਲ ਹੋਈਆਂ | ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਵੱਲੋਂ ਪਿਛਲੇ ਵਰ੍ਹੇ ਬਣਾਏ ਗਏ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ | ਸੋਮਵਾਰ ਨੂੰ 'ਕਿਸਾਨ ਸੰਸਦ' ਜ਼ਰੂਰੀ ਵਸਤਾਂ (ਸੋਧ) ਕਾਨੂੰਨ 'ਤੇ ਕੇਂਦਰਤ ਕੀਤੀ ਗਈ | ਕਿਸਾਨ ਬੀਬੀਆਂ ਨੇ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ, ਜੋ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੰਦਾ ਹੋਵੇ |
ਔਰਤਾਂ ਦੀ ਕਿਸਾਨ ਸੰਸਦ ਦਾ ਸੰਚਾਲਨ ਸਪੀਕਰ ਸੁਭਾਸ਼ਿਨੀ ਅਲੀ ਨੇ ਕੀਤਾ | ਇਸ ਮੌਕੇ ਪਿਛਲੇ ਅੱਠ ਮਹੀਨਿਆਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਸੁਭਾਸ਼ਿਨੀ ਅਲੀ ਨੇ ਕਿਹਾ-ਅੱਜ ਦੀ 'ਸੰਸਦ' ਵਿੱਚ ਔਰਤਾਂ ਦੀ ਸ਼ਕਤੀ ਦਿਖਾਈ ਦੇਵੇਗੀ | ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ ਅਤੇ ਇੱਥੇ ਹਰ ਵਿਅਕਤੀ ਨੇਤਾ ਹੈ | ਉਨ੍ਹਾ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਜਾਰੀ ਰਹੇਗੀ | ਸੁਭਾਸ਼ਿਨੀ ਨੇ ਕਿਹਾ-ਸਰਕਾਰ ਨੇ ਸਾਨੂੰ ਦਹਿਸ਼ਤਗਰਦ ਤੇ ਖਾਲਿਸਤਾਨੀ ਆਦਿ ਨਾਵਾਂ ਨਾਲ ਸੰਬੋਧਨ ਕਰਨਾ ਜਾਰੀ ਰੱਖਿਆ ਹੈ, ਪਰ ਜੇਕਰ ਉਸ ਵਿਚ ਤਾਕਤ ਹੈ ਤਾਂ ਉਸ ਨੂੰ ਇਨ੍ਹਾਂ ਦਹਿਸ਼ਤਗਰਦਾਂ ਤੇ ਖਾਲਿਸਤਾਨੀਆਂ ਵੱਲੋਂ ਪੈਦਾ ਕੀਤੇ ਅਨਾਜ ਨੂੰ ਨਹੀਂ ਖਾਣਾ ਚਾਹੀਦਾ |
ਮਹਿਲਾ ਕਿਸਾਨ ਆਗੂ ਨੀਤੂ ਖੰਨਾ ਨੇ ਕਿਹਾ-ਇਹ ਸ਼ਰਮਨਾਕ ਹੈ ਕਿ ਸਰਕਾਰ ਕਿਸਾਨਾਂ ਨਾਲ ਬਦਸਲੂਕੀ ਕਰ ਰਹੀ ਹੈ, ਜਦਕਿ ਉਹੀ ਸਾਰੇ ਦੇਸ਼ ਨੂੰ ਜ਼ਿੰਦਾ ਰੱਖ ਰਹੇ ਹਨ | ਕਿਸਾਨ ਸੰਸਦ 'ਚ ਹਾਜ਼ਰ ਹੋਰ ਕਿਸਾਨ ਬੀਬੀਆਂ ਨੇ ਇੱਕੋ ਸੁਰ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੁਹਰਾਈ |
ਨਵ ਕਿਰਨ ਨੇ ਜ਼ਰੂਰੀ ਵਸਤਾਂ ਸੋਧ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਮਹਿਲਾ-ਵਿਰੋਧੀ, ਗਰੀਬ-ਵਿਰੋਧੀ ਤੇ ਆਮ ਲੋਕਾਂ ਵਿਰੋਧੀ ਹੈ | ਇਸ ਦੀ ਵਿਆਖਿਆ ਕਰਦਿਆਂ ਉਸ ਨੇ ਕਿਹਾ-ਅਸੀਂ ਦੇਖਿਆ ਹੈ ਕਿ ਇਸ ਕਾਨੂੰਨ ਤੋਂ ਬਾਅਦ ਕੁਕਿੰਗ ਆਇਲ ਤੇ ਕੁਕਿੰਗ ਗੈਸ ਦੀਆਂ ਕੀਮਤਾਂ ਅਸਮਾਨੇ ਚੜ੍ਹੀਆਂ ਹਨ | ਪਹਿਲਾਂ ਤਾਂ ਮਹਿਲਾਵਾਂ ਆਪਣੇ ਮਾਸਕ ਖਰਚਿਆਂ ਵਿੱਚੋਂ ਕੁਝ ਬਚਾਅ ਲੈਂਦੀਆਂ ਸਨ ਪਰ ਇਹ ਕਾਨੂੰਨ ਕੁਝ ਵੀ ਬਚਾਉਣ ਜੋਗਾ ਨਹੀਂ ਛੱਡੇਗਾ | ਅਦਾਕਾਰਾ ਤੇ ਸਮਾਜੀ ਕਾਰਕੁੰਨ ਗੁਲਪਨਾਗ ਨੇ ਕਿਹਾ ਕਿ ਇਸ ਕਾਨੂੰਨ ਨਾਲ ਸਰਕਾਰ ਨੇ 1955 ਵਿਚ ਪਾਸ ਕੀਤੇ ਗਏ ਅਸਲੀ ਕਾਨੂੰਨ ਨੂੰ ਦੰਦਹੀਣ ਕਰ ਦਿੱਤਾ ਹੈ | ਇਸ ਨਾਲ ਜ਼ਖੀਰੇਬਾਜ਼ੀ ਤੇ ਕਾਲਾਬਾਜ਼ਾਰੀ ਵਧੇਗੀ | ਲੋਕ ਜਿਹੜੀ ਗੱਲ ਨਹੀਂ ਸਮਝ ਰਹੇ, ਉਹ ਇਹ ਹੈ ਕਿ ਇਸ ਨੇ ਕਿਸਾਨਾਂ ਨਾਲੋਂ ਦਰਮਿਆਨੇ ਵਰਗ ਦੇ ਲੋਕਾਂ 'ਤੇ ਵੱਧ ਮਾਰ ਕਰਨੀ ਹੈ | ਇਸ ਵਿਚ ਸੋਧਾਂ ਨਾਲ ਕੁਝ ਨਹੀਂ ਹੋਣਾ, ਇਹ ਕਾਨੂੰਨ ਮੁੱਢੋਂ ਹੀ ਰੱਦ ਕੀਤਾ ਜਾਵੇ |
ਸਿੰਘੂ-ਬਾਰਡਰ ਤੋਂ ਜਥਿਆਂ ਨੂੰ ਰਵਾਨਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਔਰਤ ਆਗੂਆਂ ਐਡਵੋਕੇਟ ਬਲਬੀਰ ਕੌਰ, ਮਨਜੀਤ ਕੌਰ, ਜਸਵੀਰ ਕੌਰ ਮਹਿਲ ਕਲਾਂ, ਪਰਵਿੰਦਰ ਕੌਰ, ਰਣਜੀਤ ਕੌਰ ਫਿਰੋਜ਼ਪੁਰ ਨੇ ਕਿਹਾ ਕਿ ਔਰਤਾਂ ਦੇ ਇਕੱਠਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਕ ਅਤੇ ਸਰੀਰਕ ਲੜਾਈਆਂ ਵਿਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਲ ਹੁੰਦੀਆਂ ਹਨ | ਉਹ ਆਪਣੀ ਜਗ੍ਹਾ ਹਾਸਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਜਵਾਬ ਦੇਣ ਦੇ ਸਮਰੱਥ ਵੀ | ਇਨ੍ਹਾਂ ਵੱਡੀਆਂ ਸਟੇਜਾਂ ਤੋਂ ਔਰਤਾਂ ਦੇ ਬੋਲਣ ਅਤੇ ਉਨ੍ਹਾਂ ਨੂੰ ਸੁਣਨ ਦੀ ਰਵਾਇਤ ਭਵਿੱਖ ਵਿਚ ਅੰਦੋਲਨਾਂ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਆਧਾਰ ਬਣੇਗੀ | ਔਰਤਾਂ ਨੇ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫੀ ਖਿਲਾਫ਼ ਲੜਨ ਦੀ ਦਿ੍ੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ |
ਆਗੂਆਂ ਕਿਹਾ ਕਿ ਮੋਰਚਾ ਲੰਮਾ ਚੱਲਦਾ ਵੇਖਦਿਆਂ ਬੀਬੀਆਂ ਨੇ ਪਿੰਡਾਂ 'ਚ ਇਕਾਈਆਂ ਬਣਾ ਅਹਿਦ ਕਰ ਲਿਆ ਹੈ ਕਿ ਉਹ ਵੱਡੀ ਜ਼ਿੰਮੇਵਾਰੀ ਸੰਭਾਲਣਗੀਆਂ | ਉਹਨਾ ਕਿਹਾ ਕਿ ਖੇਤੀ ਸੰਬੰਧੀ ਇਨ੍ਹਾਂ ਕਾਨੂੰਨਾਂ ਅਤੇ ਪਿੱਛੋਂ ਬਣੇ ਹਾਲਤਾਂ, ਜਿਸ 'ਚ ਵਿਸ਼ੇਸ਼ ਕਰਕੇ ਮਹਿੰਗਾਈ, ਰੁਜ਼ਗਾਰ ਵਿਹੂਣਤਾ ਅਤੇ ਸਰਕਾਰੀ ਜਬਰ ਆਦਿ ਹਨ, ਦਾ ਸਭ ਤੋਂ ਵੱਡਾ ਪ੍ਰਭਾਵ ਔਰਤਾਂ ਉੱਤੇ ਹੀ ਪੈ ਰਿਹਾ ਹੈ ਅਤੇ ਪਵੇਗਾ | ਕਿਸਾਨ ਔਰਤਾਂ ਹੀ ਨਹੀਂ ਮਜ਼ਦੂਰ ਔਰਤਾਂ ਵੀ ਜਿਹਨਾਂ ਨੂੰ ਸਸਤੇ ਅਨਾਜ ਦੇਣ ਦੀ ਸਮਾਜੀ ਸਕੀਮ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਇਸ ਤੋਂ ਵੀ ਮੰਦਹਾਲੀ ਵਾਲੀ ਹਾਲਤ ਵਿੱਚ ਵਧਣਗੀਆਂ |
ਖੇਤੀ ਕਾਨੂੰਨਾਂ ਦਾ ਇਹ ਹਮਲਾ ਸਾਡੇ ਖੇਤੀ ਸੰਕਟ ਨੂੰ ਹੋਰ ਡੂੰਘਾ ਤੇ ਤਿੱਖਾ ਕਰਨ ਜਾ ਰਿਹਾ ਹੈ | ਇਹ ਸੰਕਟ ਸਾਡੇ ਲਈ ਘਾਟੇਵੰਦਾ ਧੰਦਾ ਬਣੀ ਹੋਈ ਖੇਤੀ ਦਾ ਸੰਕਟ ਹੈ | ਇਸ ਸੰਕਟ ਦੀ ਸਭ ਤੋਂ ਵੱਧ ਮਾਰ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ 'ਤੇ ਪੈ ਰਹੀ ਹੈ | ਇਹਨਾਂ ਤਬਕਿਆਂ ਦੀਆਂ ਔਰਤਾਂ ਇਸ ਸੰਕਟ ਦੀ ਸਭ ਤੋਂ ਤਿੱਖੀ ਮਾਰ ਦਾ ਸ਼ਿਕਾਰ ਹਨ | ਪਹਿਲਾਂ ਹੀ ਸਮਾਜਕ ਪੌੜੀ ਦੇ ਸਭ ਤੋਂ ਹੇਠਲਿਆਂ ਡੰਡਿਆਂ 'ਤੇ ਬੈਠੀਆਂ ਔਰਤਾਂ ਇਸ ਸੰਕਟ ਤੋਂ ਉਪਜੀਆਂ ਘਰਾਂ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਸਭ ਤੋਂ ਜ਼ਿਆਦਾ ਹੰਢਾਉਂਦੀਆਂ ਹਨ | ਇਹਨਾਂ ਤੰਗੀਆਂ ਦਾ ਸਭ ਤੋਂ ਜਿਆਦਾ ਬੋਝ ਚੁੱਕਦੀਆਂ ਹਨ | ਕਰਜ਼ਿਆਂ ਦਾ ਭਾਰ ਨਾ ਸਹਾਰਦੇ ਹੋਏ ਖੁਦਕੁਸੀਆਂ ਕਰ ਗਏ ਪਤੀਆਂ-ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਕੇ, ਸਾਰੀ ਉਮਰ ਕਬੀਲਦਾਰੀ ਦਾ ਭਾਰ ਢੋਂਹਦੀਆਂ ਹਨ | ਸਖਤ ਘਾਲਣਾ ਨਾਲ ਬੱਚੇ ਪਾਲਦੀਆਂ ਹਨ, ਹਰ ਤਰ੍ਹਾਂ ਦੇ ਦਰਦ ਸਹਾਰਦੀਆਂ ਹਨ, ਬਿਨਾਂ ਨਸ਼ਿਆਂ ਦਾ ਆਸਰਾ ਲਏ ਸਹਾਰਦੀਆਂ ਹਨ | ਸਾਡੇ ਸੰਘਰਸ਼ ਦਾ ਇਹ ਇਕ ਤਾਕਤਵਰ ਪਹਿਲੂ ਹੈ ਕਿ ਖੇਤੀ ਕਾਨੂੰਨਾਂ ਦੇ ਇਸ ਕਾਰਪੋਰੇਟੀ ਹੱਲੇ ਨੂੰ ਕਿਸਾਨ ਔਰਤਾਂ ਨੇ ਵੀ ਪਛਾਣਿਆ ਹੈ | ਇਸ ਨੂੰ ਖੇਤੀ ਕਿੱਤੇ ਦੀ ਤਬਾਹੀ ਦੇ ਵਰੰਟਾਂ ਵਜੋਂ ਲਿਆ ਹੈ | ਮਰਦਾਂ ਦੇ ਬਰਾਬਰ ਹੋ ਕੇ ਸੰਘਰਸ਼ਾਂ 'ਚ ਕੁੱਦੀਆਂ ਹਨ | ਕਿਸਾਨ ਸੰਘਰਸ਼ ਦੀ ਸਭ ਤੋਂ ਜਾਨਦਾਰ ਤੇ ਨਿਭਣਹਾਰ ਸ਼ਕਤੀ ਬਣੀਆਂ ਹਨ | ਸਬਰ, ਤਹੱਮਲ, ਸੰਘਰਸ਼-ਨਿਹਚਾ ਤੇ ਕੁਰਬਾਨੀ ਦੇ ਅਥਾਹ ਮਾਦੇ ਵਰਗੇ ਗੁਣਾਂ ਸਦਕਾ ਕਿਸਾਨ ਸੰਘਰਸ਼ ਦੀ ਤਾਕਤ ਬਣ ਕੇ ਉੱਭਰੀਆਂ ਹਨ |

225 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper