Latest News
ਪੰਜਾਬ ਦੇ ਸਾਰੇ ਮਜ਼ਦੂਰ ਤੇ ਮੁਲਾਜ਼ਮ ਭਲਕ ਦੇ ਭਾਰਤ ਬੰਦ ਨੂੰ ਸਫਲ ਬਣਾਉਣਗੇ : ਪੰਜਾਬ ਏਟਕ

Published on 25 Sep, 2021 11:04 AM.


ਚੰਡੀਗੜ੍ਹ (ਗੁਰਜੀਤ ਬਿੱਲਾ)
27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਦਿਤੇ ਗਏ ਭਾਰਤ ਬੰਦ ਦੇ ਸੱਦੇ ਦਾ ਪੰਜਾਬ ਦੀਆਂ ਸਮੂਹ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ | ਪੰਜਾਬ ਏਟਕ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਬੰਤ ਸਿੰਘ ਬਰਾੜ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਭਾਰਤ ਬੰਦ ਦਾ ਸਮਰਥਨ ਕਰਦਿਆਂ ਸ਼ਨੀਵਾਰ ਦੱਸਿਆ ਕਿ ਕੇਂਦਰ ਸਰਕਾਰ ਦੇ ਕਿਸਾਨ ਅਤੇ ਮਜ਼ਦੂਰ ਮਾਰੂ ਕਾਲੇ ਕਾਨੂੰਨਾਂ ਵਿਰੁੱਧ ਲੜਾਈ 5 ਜੂਨ ਦੇ ਕੇਂਦਰ ਸਰਕਾਰ ਦੇ ਆਰਡੀਨੈਂਸ ਜਾਰੀ ਕਰਨ ਤੋਂ ਆਰੰਭੀ ਹੋਈ ਹੈ | ਭਾਰਤ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਨੇ ਇਸ ਤੋਂ ਵੀ ਪਹਿਲਾਂ ਮਜ਼ਦੂਰਾਂ ਨਾਲ ਸੰਬੰਧਤ 44 ਕਾਨੂੰਨਾਂ ਨੂੰ ਖਤਮ ਕਰਕੇ 4 ਕੋਡਾਂ ਵਿਚ ਪ੍ਰੋਣ ਵਿਰੁੱਧ ਅੰਦੋਲਨ ਛੇੜਿਆ ਹੋਇਆ ਹੈ | ਆਗੂਆਂ ਕਿਹਾ ਕਿ ਸਰਕਾਰ ਭਾਰਤ ਦੇ ਲੋਕਾਂ ਵੱਲੋਂ ਖੂਨ-ਪਸੀਨਾ ਵਹਾ ਕੇ ਬਣਾਏ ਗਏ ਪਬਲਿਕ ਸੈਕਟਰ ਦੇ ਸਾਰੇ ਦੇ ਸਾਰੇ ਸੰਸਥਾਨ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਵਿਸ਼ੇਸ਼ ਕਰਕੇ ਅਡਾਨੀ-ਅੰਬਾਨੀ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ | ਓਧਰ ਭਾਰਤੀ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਉਥੋਂ ਹੁੰਦੀ ਪੈਦਾਵਾਰ ਵੀ ਤਿੰਨ ਕਾਨੂੰਨਾਂ, ਬਿਜਲੀ ਐਕਟ 2020 ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ | ਉਹਨਾਂ ਕਿਹਾ ਕਿ ਦੇਸ ਦੀਆਂ ਸਮੁੱਚੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਨੇ 27 ਸਤੰਬਰ ਦੇ ਭਾਰਤ ਬੰਦ ਨੂੰ ਪੂਰਨ ਸਫਲ ਬਣਾਉਣ ਲਈ ਪਹਿਲਾਂ ਹੀ ਸੱਦਾ ਦਿੱਤਾ ਹੈ | ਉਹਨਾਂ ਆਖਿਆ ਕਿ ਸਰਕਾਰੀ ਮੁਲਾਜ਼ਮ, ਸਕੀਮ ਵਰਕਰ, ਕੱਚੇ-ਪੱਕੇ ਮੁਲਾਜ਼ਮ, ਸਨਅਤੀ ਮਜ਼ਦੂਰ, ਮਨਰੇਗਾ, ਰੋਡਵੇਜ਼, ਬਿਜਲੀ, ਵਿਦਿਆ ਅਤੇ ਸਿਹਤ, ਪੱਲੇਦਾਰ ਆਦਿ ਹਰ ਵਰਗ ਦੇ ਕਰਮਚਾਰੀ ਅਤੇ ਮਜ਼ਦੂਰ 27 ਸਤੰਬਰ ਦੇ ਭਾਰਤ ਬੰਦ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ |
ਪਟਿਆਲਾ : ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ 6 ਜਥੇਬੰਦੀਆਂ ਸੰਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ ਬੀ ਸੀ, ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਪੁਰਜ਼ੋਰ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ | ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਖੱਟੜਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਜੋ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ 'ਤੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੱਕਾ ਮੋਰਚਾ ਲਾਇਆ ਹੋਇਆ ਹੈ, ਉਹ ਕੋਈ ਇਕੱਲੀ ਕਿਸਾਨੀ ਦਾ ਹੀ ਮੁੱਦਾ ਨਹੀਂ, ਸਗੋਂ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਖੇਤੀਬਾੜੀ ਦਾ ਧੰਦਾ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਜੋ ਇਹ ਕਦਮ ਚੁੱਕਿਆ ਹੈ, ਇਹ ਕਿਸਾਨਾਂ ਤੋਂ ਇਲਾਵਾ ਖੇਤ ਮਜ਼ਦੂਰਾਂ ਨੂੰ 15 ਲੱਖ, ਐੱਫ ਸੀ ਆਈ ਕਾਮਿਆਂ ਨੂੰ , ਛੋਟੇ ਦੁਕਾਨਦਾਰਾਂ ਨੂੰ , ਲੇਬਰ ਕਰਨ ਵਾਲਿਆਂ ਨੂੰ , ਛੋਟੇ ਸਾਧਨਾਂ ਰਾਹੀਂ ਢੋਆ-ਢੁਆਈ ਦਾ ਕੰਮ ਕਰਨ ਵਾਲਿਆਂ ਆਦਿ ਵਰਗੇ ਅਨੇਕਾਂ ਵਰਗਾਂ ਨੂੰ ਪ੍ਰਭਾਵਤ ਕਰੇਗਾ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਸਿੱਧਾ ਹਮਲਾ ਹੈ | ਮੋਦੀ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕਾਂ ਦੀ ਕੁਝ ਹੱਦ ਤੱਕ ਰਾਖੀ ਕਰਦੇ 44 ਕੇਂਦਰੀ ਲੇਬਰ ਕਾਨੂੰਨ ਖਤਮ ਕਰਕੇ ਜੋ ਚਾਰ ਲੇਬਰ ਕੋਡਜ਼ ਦੇ ਵਿੱਚ ਬਦਲ ਦਿੱਤਾ ਗਿਆ ਹੈ, ਉਹ ਲੇਬਰ ਕੋਡਜ਼ ਮਜਦੂਰ ਵਰਗ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਨਗੇ | ਇਸੇ ਤਰ੍ਹਾਂ ਬਿਜਲੀ ਬਿੱਲ-2020 ਵੀ ਹਰ ਇੱਕ ਵਰਗ ਨੂੰ ਪ੍ਰਭਾਵਤ ਕਰੇਗਾ, ਜਿਸ ਕਰਕੇ ਐਕਸ਼ਨ ਕਮੇਟੀ ਸਮਝਦੀ ਹੈ ਕਿ ਇਹ ਸਰਬ-ਸਾਂਝੀ ਲੜਾਈ ਹੈ, ਇਹ ਮਿਲ ਕੇ ਹੀ ਸੰਘਰਸ਼ਾਂ ਰਾਹੀਂ ਜਿੱਤੀ ਜਾਣੀ ਹੈ, ਜਿਸ ਕਰਕੇ ਪੀ ਆਰ ਟੀ ਸੀ ਦੇ ਸਮੁੱਚੇ ਕਰਮਚਾਰੀਆਂ ਨੂੰ 27 ਸਤੰਬਰ ਦੇ ਭਾਰਤ ਬੰਦ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ | ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ 27 ਸਤੰਬਰ ਦੇ ਭਾਰਤ ਬੰਦ ਅਤੇ 28 ਸਤੰਬਰ ਨੂੰ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੀ ਜਾ ਰਹੀ 'ਸਾਮਰਾਜ ਵਿਰੋਧੀ ਕਾਨਫਰੰਸ' ਦੀ ਹਮਾਇਤ ਦਾ ਐਲਾਨ ਕਰਦਿਆਂ ਖੇਤ ਮਜ਼ਦੂਰਾਂ ਨੂੰ ਇਹਨਾਂ ਪ੍ਰੋਗਰਾਮਾਂ 'ਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਕੀਤੇ ਬਿਆਨ ਰਾਹੀਂ ਆਖਿਆ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਦਾ ਸਭ ਤੋਂ ਮਾਰੂ ਅਸਰ ਖੇਤ ਮਜ਼ਦੂਰਾਂ ਦੇ ਉਤੇ ਪਵੇਗਾ |

85 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper