Latest News
7 ਨਵੇਂ ਚਿਹਰੇ, ਕੈਪਟਨ ਦੇ 5 ਕਰੀਬੀਆਂ ਦੀ ਛੁੱਟੀ

Published on 25 Sep, 2021 11:13 AM.


ਚੰਡੀਗੜ੍ਹ : ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਦੀ ਲਿਸਟ ਫਾਈਨਲ ਹੋ ਗਈ ਹੈ | ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ 8 ਮੰਤਰੀਆਂ ਦੀ ਵਾਪਸੀ ਹੋਈ ਹੈ | ਨਵੀਂ ਕੈਬਨਿਟ 'ਚ 7 ਨਵੇਂ ਮੰਤਰੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ | ਨਵੇਂ ਬਣ ਰਹੇ ਮੰਤਰੀ ਮੰਡਲ ਵਿੱਚ ਮਾਲਵੇ ਦੇ 9, ਮਾਝੇ ਦੇ 6 ਅਤੇ ਦੋਆਬੇ ਦੇ 3 ਵਿਧਾਇਕਾਂ ਨੂੰ ਪ੍ਰਤੀਨਿਧਤਾ ਦੇ ਕੇ ਸਭ ਨੂੰ ਖੁਸ਼ ਰੱਖਣ ਦੇ ਯਤਨ ਕੀਤੇ ਗਏ ਹਨ | ਮੰਤਰੀ ਮੰਡਲ 'ਚ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਦੇ 11 ਮੰਤਰੀਆਂ ਨੂੰ ਬਹਾਲ ਰੱਖਿਆ ਗਿਆ ਹੈ ਅਤੇ ਇਹਨਾਂ 'ਚੋਂ ਇਕ ਨੂੰ ਚੰਨੀ ਨੇ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੈ, ਜਦਕਿ 7 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ | ਕੈਪਟਨ ਮੰਤਰੀ ਮੰਡਲ ਦੇ 5 ਮੰਤਰੀਆਂ ਨੂੰ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ | ਮੰਤਰੀਆਂ ਦੀ ਲਿਸਟ ਫਾਈਨਲ ਕਰਨ ਤੋਂ ਬਾਅਦ ਰਾਹੁਲ ਗਾਂਧੀ ਵਾਪਸ ਸ਼ਿਮਲਾ ਪਹੁੰਚ ਗਏ | ਉਹ ਮੀਟਿੰਗ ਕਾਰਨ ਉਥੋਂ ਹੀ ਦਿੱਲੀ ਆਏ ਸਨ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੰਜਾਬ ਆ ਗਏ, ਜਿਸ ਤੋਂ ਬਾਅਦ ਉਨ੍ਹਾ ਗਵਰਨਰ ਬੀ ਐੱਲ ਪੁਰੋਹਿਤ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਐਤਵਾਰ ਸ਼ਾਮ 4.30 ਵਜੇ ਸਾਰੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ |
ਇਸ ਦੌਰਾਨ ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਨਵੀਂ ਕੈਬਨਿਟ 'ਚੋਂ ਬਾਹਰ ਕੀਤੇ ਜਾਣ ਦੀ ਸੰਭਾਵਨਾ ਹੈ | ਇਨ੍ਹਾਂ 'ਚੋਂ ਧਰਮਸੋਤ 'ਤੇ ਪੋਸਟ ਮੈਟਿ੍ਕ ਘੁਟਾਲੇ ਦੇ ਦੋਸ਼ ਲੱਗੇ ਸਨ | ਰਾਣਾ ਸੋਢੀ ਨੇ ਸਿੱਧੂ ਖੇਮੇ ਦੀ ਬਗਾਵਤ ਤੋਂ ਬਾਅਦ ਕੈਪਟਨ ਦੇ ਸ਼ਕਤੀ ਪ੍ਰਦਰਸ਼ਨ ਲਈ ਡਿਨਰ ਕਰਵਾਇਆ ਸੀ | ਕਾਂਗੜ 'ਤੇ ਹਾਲ ਹੀ 'ਚ ਦਾਮਾਦ ਨੂੰ ਸਰਕਾਰੀ ਨੌਕਰੀ ਦਿਵਾਉਣ ਤੋਂ ਬਾਅਦ ਹਮਲੇ ਹੋ ਰਹੇ ਸਨ | ਉਨ੍ਹਾ ਲਈ ਸੁਨੀਲ ਜਾਖੜ ਨੇ ਵੀ ਲਾਬਿੰਗ ਕੀਤੀ ਸੀ, ਪਰ ਕੰਮ ਨਹੀਂ ਆਈ | ਸੁੰਦਰ ਸ਼ਾਮ ਅਰੋੜਾ ਵੀ ਕੈਪਟਨ ਦੇ ਕਰੀਬੀ ਹਨ ਅਤੇ ਉਨ੍ਹਾ 'ਤੇ ਵੀ ਕੁਝ ਸਮੇਂ ਪਹਿਲਾਂ ਜ਼ਮੀਨ ਨਾਲ ਜੁੜੇ ਕੁਝ ਦੋਸ਼ ਲੱਗੇ ਸਨ |
ਜਿਨ੍ਹਾਂ ਸਾਬਕਾ ਮੰਤਰੀਆਂ ਨੂੰ ਨਵੇਂ ਬਣ ਰਹੇ ਮੰਤਰੀ ਮੰਡਲ ਵਿੱਚ ਮੁੜ ਮੰਤਰੀ ਬਣਾਇਆ ਜਾ ਰਿਹਾ ਹੈ, ਉਹਨਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਪਹਿਲਾਂ ਹੀ ਡਿਪਟੀ ਮੁੱਖ ਮੰਤਰੀ ਦੇ ਅਹੁਦਿਆਂ 'ਤੇ ਬਿਰਾਜਮਾਨ ਹੋ ਚੁੱਕੇ ਹਨ, ਜਦਕਿ ਬ੍ਰਹਮ ਮਹਿੰਦਰਾ, ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ ਅਤੇ ਵਿਜੇ ਇੰਦਰ ਸਿੰਗਲਾ ਸ਼ਾਮਲ ਹਨ | ਮਨਪ੍ਰੀਤ ਬਾਦਲ ਨੇ ਚੰਨੀ ਦੇ ਨਾਂਅ 'ਤੇ ਕਾਂਗਰਸ ਹਾਈ ਕਮਾਂਡ ਨੂੰ ਰਾਜ਼ੀ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ | ਵਿਜੈ ਇੰਦਰ ਸਿੰਗਲਾ ਦੇ ਸਿੱਖਿਆ ਮੰਤਰੀ ਰਹਿੰਦੇ ਸਮੇਂ ਹੀ ਪੰਜਾਬ ਸਿੱਖਿਆ 'ਚੋਂ ਨੰਬਰ ਇੱਕ ਆਇਆ ਸੀ |
ਰਜ਼ੀਆ ਸੁਲਤਾਨਾ ਸਿੱਧੂ ਦੇ ਰਾਜਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਦੀ ਪਤਨੀ ਹੈ | ਅਰੁਣਾ ਚੌਧਰੀ ਨੂੰ ਵੀ ਹਟਾਉਣ ਦੀ ਤਿਆਰੀ ਸੀ, ਪਰ ਮੁੱਖ ਮੰਤਰੀ ਚੰਨੀ ਨਾਲ ਰਿਸ਼ਤੇਦਾਰੀ ਕਾਰਨ ਉਨ੍ਹਾ ਦੀ ਵਾਪਸੀ ਹੋ ਸਕਦੀ ਹੈ | ਭਾਰਤ ਭੂਸ਼ਣ ਆਸ਼ੂ ਕੈਪਟਨ ਦੇ ਜ਼ਿਆਦਾ ਕਰੀਬੀ ਨਹੀਂ ਸਨ, ਬਲਕਿ ਰਾਹੁਲ ਗਾਂਧੀ ਦੇ ਨਾਲ ਉਨ੍ਹਾ ਦੇ ਚੰਗੇ ਸੰਬੰੰਧ ਹਨ | ਤਿ੍ਪਤ ਰਾਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਕੈਪਟਨ ਖਿਲਾਫ਼ ਬਗਾਵਤ ਕਰਨ ਵਾਲੇ ਗਰੁੱਪ 'ਚ ਸ਼ਾਮਲ ਸਨ | ਜਿਹੜੇ 7 ਨਵੇਂ ਚਿਹਰਿਆਂ ਨੂੰ ਚੰਨੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਉਹਨਾਂ ਵਿੱਚ ਕੈਪਟਨ ਮੰਤਰੀ ਮੰਡਲ ਵਿੱਚ ਪਹਿਲਾਂ ਮੰਤਰੀ ਰਹੇ ਰਾਣਾ ਗੁਰਜੀਤ ਸਿੰਘ, ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਰਾਜ ਕੁਮਾਰ ਵੇਰਕਾ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਸ਼ਾਮਲ ਹਨ | ਰਾਜ ਕੁਮਾਰ ਵੇਰਕਾ ਕੈਪਟਨ ਦੇ ਕਰੀਬੀ ਰਹੇ ਹਨ, ਪਰ ਮੰਤਰੀ ਨਹੀਂ ਬਣਾਏ ਗਏ | ਅੰਮਿ੍ਤਸਰ ਤੋਂ ਵਿਧਾਇਕ ਵੇਰਕਾ ਅਨੁਸੂਚਿਤ ਜਾਤੀਆਂ ਦੇ ਵੱਡੇ ਨੇਤਾ ਹਨ | ਪ੍ਰਗਟ ਸਿੰਘ ਸਿੱਧੂ ਦੇ ਕਰੀਬੀ ਹਨ | ਉਹ ਕੈਪਟਨ 'ਤੇ ਲਗਾਤਾਰ ਹਮਲਾ ਬੋਲਦੇ ਰਹੇ | ਉਨ੍ਹਾ ਦਾ ਖੇਡ ਮੰਤਰੀ ਬਣਨਾ ਤੈਅ ਹੈ | ਸੰਗਤ ਸਿੰਘ ਗਿਲਜੀਆਂ ਲਗਾਤਾਰ ਕਹਿੰਦੇ ਰਹੇ ਹਨ ਕਿ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਓ ਬੀ ਸੀ ਨੂੰ ਵੀ ਪ੍ਰਤੀਨਿਧਤਾ ਦਿੱਤੀ ਜਾਵੇ | ਉਹ ਫਿਲਹਾਲ ਵਰਕਿੰਗ ਪ੍ਰਧਾਨ ਵੀ ਹਨ | ਗੁਰਕੀਰਤ ਕੋਟਲੀ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਦੇ ਚਚੇਰੇ ਭਰਾ ਹਨ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਵਾਰ ਤੋਂ ਹਨ | ਕੁਲਜੀਤ ਨਾਗਰਾ ਵਰਕਿੰਗ ਪ੍ਰਧਾਨ ਹਨ | ਅਮਰਿੰਦਰ ਰਾਜ ਵੜਿੰਗ ਵੀ ਕੈਪਟਨ ਖਿਲਾਫ਼ ਬਗਾਵਤ ਤੋਂ ਬਾਅਦ ਖਾਮੋਸ਼ ਰਹੇ | ਪਹਿਲਾਂ ਵੀ ਉਹ ਸਿੱਧੂ ਦੇ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਲਗਾਤਾਰ ਉਨ੍ਹਾ ਨਾਲ ਚੱਲੇ | ਰਾਣਾ ਗੁਰਜੀਤ ਪਹਿਲਾਂ ਕੈਪਟਨ ਕੈਬਨਿਟ 'ਚ ਸਨ, ਪਰ ਬਾਅਦ 'ਚ ਉਨ੍ਹਾ ਨੂੰ ਬਾਹਰ ਕਰ ਦਿੱਤਾ ਗਿਆ | ਕਾਂਗਰਸ ਹਾਈ ਕਮਾਨ ਨੇ ਭਾਵੇਂ ਸਭ ਵਰਗਾਂ ਅਤੇ ਇਲਾਕਿਆਂ ਨੂੰ ਪ੍ਰਤੀਨਿਧਤਾ ਦੇ ਕੇ ਪੰਜਾਬ ਵਿਧਾਇਕ ਦਲ ਵਿੱਚ ਧੜੇਬੰਦੀ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰੰਤੂ ਇਹ ਹੁਣ ਸਮਾਂ ਹੀ ਦੱਸੇਗਾ ਕਿ ਝੰਡੀ ਵਾਲੀ ਕਾਰ ਖੁੱਸਣ ਅਤੇ ਲੈਣ ਦੇ ਚਾਹਵਾਨਾਂ ਵੱਲੋਂ ਹਾਈ ਕਮਾਨ ਦੇ ਫੈਸਲੇ 'ਤੇ ਸਹਿਮਤੀ ਪ੍ਰਗਟ ਕੀਤੀ ਜਾਂਦੀ ਹੈ ਜਾਂ ਫੇਰ ਇਸ ਦਾ ਵਿਰੋਧ ਕੀਤਾ ਜਾਂਦਾ ਹੈ | ਗੱਦੀਓਾ ਲਾਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਹਨਾ ਕਾਂਗਰਸ ਹਾਈ ਕਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਬਗਾਵਤੀ ਸੁਰਾਂ ਅਪਣਾਈਆਂ ਹੋਈਆਂ ਹਨ, ਭਵਿੱਖ ਵਿੱਚ ਕੀ ਰਣਨੀਤੀ ਅਪਣਾਉਂਦੇ ਹਨ, ਉਸ ਦਾ ਵੀ ਮੌਜੂਦਾ ਸਰਕਾਰ ਉੱਤੇ ਕਾਫੀ ਅਸਰ ਦੇਖਣ ਨੂੰ ਮਿਲੇਗਾ | ਜ਼ਿਕਰਯੋਗ ਹੈ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਿਛਲੇ 7 ਦਿਨਾਂ ਦੇ ਕਾਰਜਕਾਲ ਦੌਰਾਨ ਉਹਨਾ ਵੱਲੋਂ ਕੀਤੀ ਗਈ ਦਿਨ-ਰਾਤ ਮਿਹਨਤ ਅਤੇ ਆਮ ਲੋਕਾਂ ਨੂੰ ਜੱਫੀਆਂ ਪਾ ਕੇ ਮਿਲਣ ਅਤੇ ਉਹਨਾਂ ਵੱਲੋਂ ਲਏ ਗਏ ਲੋਕ-ਪੱਖੀ ਕਈ ਅਹਿਮ ਫੈਸਲਿਆਂ ਦੀ ਹਰ ਪਾਸਿਓਾ ਇੱਥੋਂ ਤੱਕ ਕਿ ਵਿਰੋਧੀ ਧਿਰਾਂ ਵੱਲੋਂ ਵੀ ਪ੍ਰਸੰਸਾ ਹੋ ਰਹੀ ਹੈ | ਪੰਜਾਬ ਦੇ ਲੋਕ ਹੁਣ ਇਹ ਆਸ ਕਰਨ ਲੱਗੇ ਹਨ ਕਿ ਬੇਸ਼ੱਕ ਭਾਵੇਂ ਚੰਨੀ ਨੂੰ ਬਹੁਤ ਘੱਟ ਸਮਾਂ ਮਿਲਿਆ ਹੈ, ਪਰ ਉਹਨਾ ਦੀ ਦੂਰਅੰਦੇਸ਼ੀ ਸੋਚ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਪੰਜਾਬ ਦੇ ਭਖਦੇ ਮਸਲਿਆਂ ਨੂੰ ਜ਼ਰੂਰ ਹੱਲ ਕਰਨਗੇ | ਹੜਤਾਲਾਂ ਵਿੱਚ ਜੁਟੇ ਮੁਲਾਜ਼ਮ ਵੀ ਆਪਣੇ ਮਸਲੇ ਹੱਲ ਹੋਣ ਦੇ ਆਸਵੰਦ ਦਿਖਾਈ ਦੇ ਰਹੇ ਹਨ, ਕਿਉਂਕਿ ਚੰਨੀ ਨੇ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਹੀ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਦੀਆਂ ਮੰਗਾਂ ਦਾ ਛੇਤੀ ਹੀ ਨਿਪਟਾਰਾ ਹੋ ਜਾਵੇਗਾ |

289 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper