Latest News
ਮੈਸੀ ਹੀ ਸਰਵੋਤਮ

Published on 30 Nov, 2021 10:50 AM.


ਪੈਰਿਸ : ਅਰਜਨਟੀਨਾ ਦੇ ਫੁੱਟਬਾਲਰ ਲਿਓਨਲ ਮੈਸੀ ਨੇ ਸਰਵੋਤਮ ਫੁੱਟਬਾਲਰ ਦਾ ਖਿਤਾਬ ਬਲੋਨ ਡੀ'ਓਰ ਰਿਕਾਰਡ ਸਤਵੀਂ ਵਾਰ ਜਿੱਤ ਲਿਆ ਹੈ | ਮਹਿਲਾ ਵਰਗ ਦਾ ਖਿਤਾਬ ਸਪੇਨ ਦੀ ਅਲੈਕਸਿਆ ਪੁਤੇਲਾਸ ਨੂੰ ਮਿਲਿਆ | 34 ਸਾਲਾ ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਰਜਨਟੀਨਾ ਨੇ ਜੁਲਾਈ ਵਿਚ ਕੋਪਾ ਅਮਰੀਕਾ ਖਿਤਾਬ ਜਿੱਤਿਆ ਸੀ | ਮੈਸੀ ਨੇ ਪੁਰਸਕਾਰ ਹਾਸਲ ਕਰਨ ਦੇ ਬਾਅਦ ਅਨੁਵਾਦਕ ਦੀ ਮਦਦ ਨਾਲ ਕਿਹਾ—ਮੈਂ ਬਹੁਤ ਖੁਸ਼ ਹਾਂ | ਨਵੇਂ ਖਿਤਾਬਾਂ ਲਈ ਲੜਦੇ ਰਹਿਣਾ ਚੰਗਾ ਲੱਗਦਾ ਹੈ | ਮੈਸੀ ਨੂੰ 613 ਅੰਕ ਮਿਲੇ ਜਦਕਿ ਪੈਲੈਂਡ ਦਾ ਸਟਰਾਈਕਰ ਰਾਬਰਟ ਲੇਵਾਂਡੋਵਸਕੀ 580 ਅੰਕਾਂ ਨਾਲ ਦੂਜੇ ਨੰਬਰ 'ਤੇ ਰਿਹਾ, ਹਾਲਾਂਕਿ ਉਸ ਨੂੰ ਬੈੱਸਟ ਸਟਰਾਈਕਰ ਦਾ ਖਿਤਾਬ ਮਿਲਿਆ | ਮੈਸੀ ਨੇ ਕਿਹਾ—ਮੈਂ ਰਾਬਰਟ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਤੇਰਾ ਰਕੀਬ ਹੋਣਾ ਸਨਮਾਨ ਦੀ ਗੱਲ ਹੈ | ਹਰ ਕੋਈ ਕਹੇਗਾ ਕਿ ਤੂੰ ਪਿਛਲੇ ਸਾਲ ਇਸ ਦਾ ਹੱਕਦਾਰ ਸੀ | ਇਹ ਪੁਰਸਕਾਰ ਫਰਾਂਸ ਦਾ ਫੁੱਟਬਾਲ ਰਸਾਲਾ ਬਲੋਨ ਡੀ'ਓਰ ਵੱਲੋਂ 1956 ਤੋਂ ਦਿੱਤਾ ਜਾ ਰਿਹਾ ਹੈ | 2020 ਵਿਚ ਕੋਰੋਨਾ ਕਾਰਨ ਇਹ ਪੁਰਸਕਾਰ ਸਮਾਗਮ ਨਹੀਂ ਹੋਇਆ | ਲੇਵਾਂਡੋਵਸਕੀ ਨੇ ਉਸ ਸਾਲ ਜਰਮਨੀ ਲੀਗ ਵਿਚ ਖੇਡਦਿਆਂ 41 ਗੋਲਾਂ ਦਾ ਰਿਕਾਰਡ ਕਾਇਮ ਕੀਤਾ ਸੀ, ਜੋ ਜਰਮਨ ਦੇ ਮਹਾਨ ਖਿਡਾਰੀ ਮਿਊਲਰ ਨਾਲੋਂ ਇਕ ਗੋਲ ਵੱਧ ਸੀ | ਉਸ ਨੇ ਫਰਵਰੀ ਤੋਂ ਸਤੰਬਰ ਤਕ ਬਾਇਰਨ ਮਿਊਨਿਖ ਕਲੱਬ ਵੱਲੋਂ ਖੇਡਦਿਆਂ ਲਗਾਤਾਰ 19 ਮੈਚਾਂ ਵਿਚ ਗੋਲ ਕੀਤੇ | ਇਸ ਸੈਸ਼ਨ ਵਿਚ ਵੀ 20 ਮੈਚਾਂ ਵਿਚ 25 ਗੋਲ ਕਰ ਚੁੱਕਾ ਹੈ | ਪੁਰਤਗਾਲ ਦਾ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਪੰਜ ਵਾਰ ਬਲੋਨ ਡੀ'ਓਰ ਖਿਤਾਬ ਜਿੱਤ ਚੁੱਕਾ ਹੈ | ਐਤਕੀਂ ਉਹ ਛੇਵੇਂ ਸਥਾਨ 'ਤੇ ਰਿਹਾ | ਇਸੇ ਦੌਰਾਨ ਰੋਨਾਲਡੋ ਨੇ ਪੁਰਸਕਾਰ ਦੇਣ ਵਾਲੇ ਰਸਾਲੇ ਦੇ ਐਡੀਟਰ-ਇਨ-ਚੀਫ ਪਾਸਕਲ ਫੇਰੇ ਦੀ ਇਸ ਟਿੱਪਣੀ ਨੂੰ ਝੂਠ ਦੱਸਿਆ ਹੈ ਕਿ ਉਹ ਮੈਸੀ ਨਾਲ ਖਾਰ ਖਾਂਦਾ ਹੈ | ਫੇਰੇ ਨੇ ਨਿਊਯਾਰਕ ਟਾਈਮਜ਼ ਨੂੰ ਇੰਟਰਵਿਊ ਵਿਚ ਕਿਹਾ ਸੀ ਕਿ ਰੋਨਾਲਡੋ ਦੀ ਇੱਕੋਇਕ ਹਸਰਤ ਮੈਸੀ ਨਾਲੋਂ ਵੱਧ ਖਿਤਾਬ ਜਿੱਤਣਾ ਹੈ | ਰੋਨਾਲਡੋ ਨੇ ਕਿਹਾ ਕਿ ਫੇਰੇ ਨੇ ਇਹ ਝੂਠ ਆਪਣੇ ਰਸਾਲੇ ਦੀ ਵਿਕਰੀ ਵਧਾਉਣ ਲਈ ਬੋਲਿਆ ਹੈ |

121 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper