Latest News
ਸੰਘਰਸ਼ ਲਈ ਹੋਰ ਸੰਜੀਦਾ ਹੋਣ ਦਾ ਅਹਿਦ ਕਰਦਿਆਂ ਜਨਰਲ ਕੌਂਸਲ ਦੀ ਕੋਲਕਾਤਾ ਮੀਟਿੰਗ ਸਮਾਪਤ

Published on 30 Nov, 2021 10:50 AM.


ਕੋਲਕਾਤਾ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੇ ਸਦਰ ਮੁਕਾਮ ਭੁਪੇਸ਼ ਭਵਨ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਖੇਤ ਮਜ਼ਦੂਰ ਹੱਕਾਂ ਲਈ ਲੜਾਈ ਹੋਰ ਤੇਜ਼ ਕਰਨ ਦਾ ਅਹਿਦ ਕਰਦਿਆਂ ਸਫਲਤਾ-ਪੂਰਵਕ ਸਮਾਪਤ ਹੋ ਗਈ | ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਵੱਲੋਂ ਪੇਸ਼ ਕੀਤੀ ਗਈ ਵਿਸਥਾਰਤ ਰਿਪੋਰਟ 'ਤੇ ਵੱਖ-ਵੱਖ ਸੂਬਿਆਂ ਦੇ ਡੈਲੀਗੇਟਾਂ ਨੇ ਕੀਤੀ ਬਹਿਸ ਅਤੇ ਦਿੱਤੇ ਗਏ ਸੁਝਾਵਾਂ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ | ਯੂਨੀਅਨ ਦੇ ਕੌਮੀ ਪ੍ਰਧਾਨ ਪੇਰੀਆਸਾਮੀ ਨੇ ਬਹਿਸ ਦਾ ਸੱਦਾ ਦਿੰਦਿਆਂ ਡੈਲੀਗੇਟਾਂ ਨੂੰ  ਸਮਾਂ ਸੀਮਾ ਦਾ ਖਿਆਲ ਰੱਖਣ ਦੀ ਅਪੀਲ ਕੀਤੀ | ਆਂਧਰਾ ਪ੍ਰਦੇਸ਼ ਦੇ ਡੈਲੀਗੇਟ ਏ. ਸ਼ੇਖਰ ਵੱਲੋਂ ਬਹਿਸ ਦੀ ਸ਼ੁਰੂਆਤ ਕੀਤੀ ਗਈ | ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਅਤੇ ਰਿਸ਼ੀਪਾਲ ਖੁੱਭਣ ਸਮੇਤ 20 ਡੈਲੀਗੇਟਾਂ ਨੇ ਬਹਿਸ ਵਿੱਚ ਹਿੱਸਾ ਲਿਆ | ਬਹਿਸ ਦੌਰਾਨ ਮਨੀਪੁਰ ਦੇ ਡੈਲੀਗੇਟ ਸ਼ਾਂਤਾ ਕੁਮਾਰ ਨੇ ਆਪਣੇ ਸੂਬੇ ਵੱਲੋਂ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਪੇਰੀਆਸਾਮੀ, ਦਰਿਆਓ ਸਿੰਘ ਕਸ਼ਿਅਪ, ਰਾਮਾ ਮੂਰਤੀ (ਪੁਡੂਚੇਰੀ) ਆਦਿ ਮਜ਼ਦੂਰ ਅਗੂਆਂ ਦਾ ਵਿਸ਼ੇੇਸ਼ ਸਨਮਾਨ ਕੀਤਾ | ਰਿਪੋਰਟ 'ਤੇ ਹੋਈ ਬਹਿਸ ਨੂੰ  ਸਮੇਟਦਿਆਂ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਸਾਡੇ ਪੁਰਖੇ ਅਜ਼ਾਦੀ ਲਈ ਲੜੇ ਸਨ | ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ | ਉਨ੍ਹਾਂ ਕਿਹਾ ਕਿ ਹੱਕਾਂ ਲਈ ਲੜੇ ਬਿਨਾਂ ਸਮਾਜ ਦੀ ਬਿਹਤਰੀ ਸੰਭਵ ਨਹੀਂ ਹੁੰਦੀ | ਕਾਮਰੇਡ ਗੋਰੀਆ ਨੇ ਕਿਹਾ ਕਿ ਵੱਖ-ਵੱਖ ਰਾਜਾਂ ਦੇ ਮਜ਼ਦੂਰਾਂ ਦੀਆਂ ਵੱਖਰੀਆਂ-ਵੱਖਰੀਆਂ ਸਮੱਸਿਆਵਾਂ ਹਨ | ਇਸ ਤਰ੍ਹਾਂ ਮਜ਼ਦੂਰ ਹੱਕਾਂ ਲਈ ਲੜਾਈ ਵੱਖ-ਵੱਖ ਪੱਧਰਾਂ 'ਤੇ ਲੜਨੀ ਪੈ ਰਹੀ ਹੈ | ਉਨ੍ਹਾਂ ਯੂਨੀਅਨ ਵੱਲੋਂ ਕੀਤੇ ਸੰਘਰਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਆਂਧਰਾ ਪ੍ਰਦੇਸ਼ ਵਿੱਚ ਅਦਾਲਤ ਦੇ ਦਖਲ ਨਾਲ 30 ਲੱਖ ਲੋਕਾਂ ਨੂੰ  ਜ਼ਮੀਨ ਮਾਲਕੀ ਦੇ ਹੱਕ ਦਿਵਾਏ ਗਏ ਹਨ | ਉਨ੍ਹਾਂ ਜਥੇਬੰਦੀ ਨਾਲ ਜੁੜੇ ਲੋਕਾਂ ਨੂੰ  ਸੰਘਰਸ਼ ਲਈ ਹੋਰ ਸੰਜੀਦਾ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਯੂਨੀਅਨ ਦਾ ਮੈਂਬਰ ਬਣਨਾ ਕੋਈ ਸ਼ੌਕ ਨਹੀਂ, ਸਗੋਂ ਲੋੜ ਹੈ | ਸੀ.ਪੀ.ਆਈ ਦੀ ਕੋਲਕਾਤਾ ਇਕਾਈ ਦੇ ਸਕੱਤਰ ਨਿਹਾਰ ਰੰਜਨ ਘੋਸ਼ ਨੇ ਡੈਲੀਗੇਟਾਂ ਦੇ ਖਾਣੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕੀਤੀ | ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਰਹੀ ਕਿ ਖਾਣਾ ਸਾਫ-ਸੁਥਰਾ ਤੇ ਸਮੇਂ ਸਿਰ ਮਿਲੇ | 
ਭਾਰਤੀ ਖੇਤ ਮਜ਼ਦੂਰ ਯੂਨੀਅਨ ਪੱਛਮੀ ਬੰਗਾਲ ਦੇ ਸੂਬਾ ਸਕੱਤਰ ਕਾਮਰੇਡ ਤਪਿਨ ਗੰਗੋਲੀ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਾਰ ਸਮਾਗਮਾਂ ਦੇ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਸ਼ਾਮਲ ਡੈਲੀਗੇਟਾਂ ਲਈ ਸੁਖਾਵੇਂ ਪ੍ਰਬੰਧਾਂ ਪ੍ਰਤੀ ਤੌਖਲੇ ਸਨ | ਉਨ੍ਹਾਂ ਮੀਟਿੰਗ ਦੀ ਸਫਲਤਾ ਲਈ ਡੈਲੀਗੇਟਾਂ ਨੂੰ  ਵਧਾਈ ਦਿੱਤੀ |  ਇਹ ਵੀ ਦੱਸਿਆ ਗਿਆ ਕਿ ਯੂਨੀਅਨ ਦੀ ਜਨਰਲ ਕੌਂਸਲ ਦੀ ਅਗਲੀ ਮੀਟਿੰਗ 2023 ਨੂੰ  ਬਿਹਾਰ ਵਿੱਚ ਹੋਵੇਗੀ |

129 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper