Latest News
12 ਰਾਜ ਸਭਾ ਮੈਂਬਰਾਂ ਦੀ ਮੁਅੱਤਲੀ ਰੱਦ ਕਰਾਉਣ ਲਈ ਆਪੋਜ਼ੀਸ਼ਨ ਦਿ੍ੜ੍ਹ

Published on 30 Nov, 2021 10:55 AM.


ਨਵੀਂ ਦਿੱਲੀ : ਚੇਅਰਮੈਨ ਵੈਂਕਈਆ ਨਾਇਡੂ ਵੱਲੋਂ 12 ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਰੱਦ ਕਰਨ 'ਤੇ ਆਪੋਜ਼ੀਸ਼ਨ ਪਾਰਟੀਆਂ ਦੇ ਮੈਂਬਰ ਮੰਗਲਵਾਰ ਰਾਜ ਸਭਾ ਵਿਚੋਂ ਵਾਕਆਊਟ ਕਰ ਗਏ | ਆਪੋਜ਼ੀਸ਼ਨ ਦੇ ਆਗੂ ਮਲਿਕਾਰਜੁਨ ਨੇ ਕਿਹਾ ਕਿ ਮੁਅੱਤਲੀ ਗੈਰ-ਕਾਨੂੰਨੀ ਹੈ, ਕਿਉਂਕਿ ਜਿਸ ਨਿਯਮ 256 ਤਹਿਤ ਕਾਰਵਾਈ ਕੀਤੀ ਗਈ ਹੈ, ਉਹ ਨਿਯਮ ਉਸੇ ਦਿਨ 'ਤੇ ਲਾਗੂ ਹੁੰਦਾ ਹੈ, ਜਿਸ ਦਿਨ ਨਿਯਮ ਦੀ ਉਲੰਘਣਾ ਹੋਈ ਹੋਵੇ | ਨਾਇਡੂ ਨੇ ਕਿਹਾ ਕਿ ਮੈਂਬਰਾਂ ਨੂੰ ਆਪਣੇ ਕੀਤੇ ਦਾ ਭੋਰਾ ਵੀ ਅਫਸੋਸ ਨਹੀਂ, ਇਸ ਕਰਕੇ ਉਹ ਫੈਸਲਾ ਨਹੀਂ ਬਦਲਣਗੇ | ਇਸ ਤੋਂ ਬਾਅਦ ਕਾਂਗਰਸ, ਰਾਜਦ ਤੇ ਖੱਬੀਆਂ ਪਾਰਟੀਆਂ ਦੇ ਮੈਂਬਰ ਵਾਕਆਊਟ ਕਰ ਗਏ | ਤਿ੍ਣਮੂਲ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਨਾਲ ਵਾਕਆਊਟ ਨਹੀਂ ਕੀਤਾ, ਪਰ ਕੁਝ ਮਿੰਟਾਂ ਬਾਅਦ ਉਹ ਵੀ ਬਾਹਰ ਆ ਗਏ | ਇਸ ਤੋਂ ਬਾਅਦ ਤਿ੍ਣਮੂਲ ਤੇ ਤੇਲੰਗਾਨਾ ਰਾਸ਼ਟਰ ਸਮਿਤੀ ਸਮੇਤ ਸਾਰੀਆਂ ਆਪੋਜ਼ੀਸ਼ਨ ਪਾਰਟੀਆਂ ਨੇ ਸੰਸਦ ਦੇ ਅਹਾਤੇ ਵਿਚ ਗਾਂਧੀ ਦੇ ਬੁੱਤ ਅੱਗੇ ਪ੍ਰੋਟੈੱਸਟ ਕੀਤਾ | ਚਰਚਾ ਸੀ ਕਿ ਕੁਝ ਪਾਰਟੀਆਂ ਰਾਜ ਸਭਾ ਦੇ ਰਹਿੰਦੇ ਅਜਲਾਸ ਦਾ ਬਾਈਕਾਟ 'ਤੇ ਜ਼ੋਰ ਦੇ ਰਹੀਆਂ ਹਨ, ਪਰ ਕੁਝ ਅਜਿਹਾ ਸਖਤ ਕਦਮ ਚੁੱਕਣ ਦੇ ਹੱਕ ਵਿਚ ਨਹੀਂ |
ਸਵੇਰੇ ਕਾਂਗਰਸ ਸਮੇਤ 16 ਪਾਰਟੀਆਂ ਦੇ ਨੇਤਾਵਾਂ ਨੇ ਸੰਸਦ ਦੇ ਸਰਦ ਰੁੱਤ ਅਜਲਾਸ ਦੀ ਬਾਕੀ ਮਿਆਦ ਲਈ ਰਾਜ ਸਭਾ ਦੇ 12 ਵਿਰੋਧੀ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਸੰਬੰਧ ਵਿਚ ਅੱਗੇ ਦੀ ਰਣਨੀਤੀ ਉੱਤੇ ਚਰਚਾ ਕੀਤੀ | ਮੀਟਿੰਗ ਵਿਚ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਚੀਫ ਵਿੱ੍ਹਪ ਕੇ ਸੁਰੇਸ਼, ਰਾਜ ਸਭਾ 'ਚ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ ਅਤੇ ਚੀਫ ਵਿ੍ਹੱਪ ਜੈਰਾਮ ਰਮੇਸ਼ ਮੌਜੂਦ ਸਨ | ਉਨ੍ਹਾਂ ਤੋਂ ਇਲਾਵਾ ਡੀ ਐੱਮ ਕੇ ਦੇ ਟੀ ਆਰ ਬਾਲੂ, ਸ਼ਿਵ ਸੈਨਾ ਦੀ ਪਿ੍ਅੰਕਾ ਚਤੁਰਵੇਦੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਹੋਰ ਕਈ ਪਾਰਟੀਆਂ ਦੇ ਨੇਤਾ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਏ | ਮੁਅੱਤਲ ਕੀਤੇ ਮੈਂਬਰਾਂ ਵਿਚ ਸੀ ਪੀ ਆਈ (ਐੱਮ) ਦੇ ਇਲਾਮਾਰਮ ਕਰੀਮ, ਕਾਂਗਰਸ ਦੀ ਫੂਲੋ ਦੇਵੀ ਨੇਤਾਮ, ਛਾਇਆ ਵਰਮਾ, ਰਿਪੁਨ ਬੋਰਾ, ਰਾਜਮਨੀ ਪਟੇਲ, ਸਈਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਤਾਪ ਸਿੰਘ, ਡੋਲਾ ਸੇਨ ਅਤੇ ਤਿ੍ਣਮੂਲ ਦੀ ਸ਼ਾਂਤਾ ਛੇਤਰੀ, ਸ਼ਿਵ ਸੈਨਾ ਦੇ ਪਿ੍ਅੰਕਾ ਚਤੁਰਵੇਦੀ ਤੇ ਅਨਿਲ ਦੇਸਾਈ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨੈ ਵਿਸ਼ਵਮ ਸ਼ਾਮਲ ਹਨ | ਇਨ੍ਹਾਂ ਮੈਂਬਰਾਂ ਨੂੰ ਰਾਜ ਸਭਾ ਦੇ ਮੌਨਸੂਨ ਅਜਲਾਸ ਦੌਰਾਨ ਖੇਤੀ ਤੇ ਹੋਰ ਮੁੱਦਿਆਂ 'ਤੇ ਪ੍ਰੋਟੈੱਸਟ ਕਰਨ ਕਰਕੇ ਮੁਅੱਤਲ ਕੀਤਾ ਗਿਆ ਹੈ | ਚੇਅਰਮੈਨ ਦੀ ਦਲੀਲ ਹੈ ਕਿ ਇਨ੍ਹਾਂ ਨੇ ਸਦਨ ਦੀ ਮਰਿਆਦਾ ਭੰਗ ਕੀਤੀ | ਉਧਰ ਰਾਹੁਲ ਗਾਂਧੀ ਨੇ ਕਿਹਾ ਕਿ ਮੁਆਫੀ ਮੰਗਣ ਦਾ ਸੁਆਲ ਹੀ ਪੈੈਦਾ ਨਹੀਂ ਹੁੰਦਾ | ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ, ਜਿਹੜੇ ਕਿ ਸਰਕਾਰ ਨੇ ਖੁਦ ਹੀ ਵਾਪਸ ਲੈ ਲਏ ਹਨ | ਇਸੇ ਦੌਰਾਨ ਰਾਜ ਸਭਾ ਦੇ ਮੈਂਬਰਾਂ ਦੀ ਮੁਅੱਤਲੀ ਤੇ ਹੋਰਨਾਂ ਮੁੱਦਿਆਂ ਉੱਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ |

192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper