Latest News
ਜਿੱਤ ਦੇ ਡੰਕੇ ਤੋਂ ਬਾਅਦ

Published on 30 Nov, 2021 10:59 AM.


29 ਨਵੰਬਰ ਨੂੰ ਸੰਸਦ ਦੇ ਸਰਦ ਰੁੱਤ ਸਮਾਗਮ ਦੇ ਪਹਿਲੇ ਦਿਨ ਹੀ ਦੋਹਾਂ ਸਦਨਾਂ ਵਿੱਚ ਖੇਤੀ ਕਾਨੂੰਨਾਂ ਦੀ ਵਾਪਸੀ 'ਤੇ ਮੋਹਰ ਲਾ ਦਿੱਤੀ ਗਈ | ਸਰਕਾਰ ਕਿਸਾਨਾਂ ਦੇ ਗੁੱਸੇ ਤੋਂ ਏਨੀ ਡਰੀ ਹੋਈ ਸੀ ਕਿ ਉਸ ਨੇ ਵਿਛੜੇ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸੰਸਦ ਨੂੰ ਅਗਲੇ ਦਿਨ ਲਈ ਉਠਾ ਦੇਣ ਦੀ ਪ੍ਰਚਲਤ ਰਵਾਇਤ ਵੀ ਨਹੀਂ ਨਿਭਾਈ | ਸਰਕਾਰ ਵਿਰੋਧੀ ਧਿਰਾਂ ਦੇ ਸਵਾਲਾਂ ਤੋਂ ਵੀ ਡਰ ਗਈ ਤੇ ਉਸ ਨੇ ਬਿਨਾਂ ਚਰਚਾ ਦੇ ਹੀ ਕਾਨੂੰਨਾਂ ਦੀ ਵਾਪਸੀ ਦੇ ਬਿੱਲ ਨੂੰ ਪਾਸ ਕਰਾ ਲਿਆ | ਇਸ ਗੱਲ ਨੇ ਇੱਕ ਗੱਲ ਨੂੰ ਪੱਕਾ ਕਰ ਦਿੱਤਾ ਹੈ ਕਿ ਤਾਨਾਸ਼ਾਹ ਕਿੰਨਾ ਵੀ ਹੰਕਾਰਿਆ ਹੋਵੇ, ਉਸ ਦੇ ਪਾਪ ਉਸ ਦੇ ਅੰਦਰਲੇ ਨੂੰ ਕਾਂਬਾ ਛੇੜੀ ਰੱਖਦੇ ਹਨ | ਹਾਕਮਾਂ ਦਾ ਇਹ ਡਰ ਹੀ ਸੀ, ਜਿਸ ਕਾਰਨ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਵੱਲੋਂ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ 29 ਨਵੰਬਰ ਦੇ ਸੰਸਦ ਵੱਲ ਟਰੈਕਟਰ ਮਾਰਚ ਨੂੰ ਰੱਦ ਨਾ ਕੀਤਾ ਤਾਂ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਐਲਾਨ ਕਰਨਾ ਪਿਆ ਕਿ ਹੁਣ ਪਰਾਲੀ ਸਾੜਨਾ ਅਪਰਾਧ ਨਹੀਂ ਹੋਵੇਗਾ, ਸਰਕਾਰ ਐੱਮ ਐੱਸ ਪੀ ਲਈ ਕਮੇਟੀ ਬਣਾਵੇਗੀ ਤੇ ਸ਼ਹੀਦ ਕਿਸਾਨਾਂ ਲਈ ਮੁਆਵਜ਼ਾ ਰਾਜ ਸਰਕਾਰਾਂ ਦੇਣਗੀਆਂ |
ਸੰਸਦ ਵੱਲੋਂ ਕਾਨੂੰਨ ਵਾਪਸ ਲੈਣ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖਤ ਤਾਂ ਸਿਰਫ਼ ਖਾਨਾਪੂਰਤੀ ਹੀ ਹੈ | ਬਾਕੀ ਮੰਗਾਂ ਵਿੱਚੋਂ ਵੀ ਐੱਮ ਐੱਸ ਪੀ 'ਤੇ ਕਮੇਟੀ ਬਣਾਉਣ ਦਾ ਹੀ ਮੁੱਖ ਮੁੱਦਾ ਹੈ, ਬਿਜਲੀ ਬਾਰੇ ਬਿਲ ਪਾਸ ਕਰਾਉਣ ਬਾਰੇ ਤਾਂ ਸਰਕਾਰ ਭੁੱਲ ਕੇ ਵੀ ਨਾ ਸੋਚੇ | ਜਿੱਥੋਂ ਤੱਕ ਹਰਿਆਣਾ ਤੇ ਪੰਜਾਬ ਵਿੱਚ ਕਿਸਾਨਾਂ ਉੱਤੇ ਦਰਜ ਕੇਸਾਂ ਨੂੰ ਵਾਪਸ ਕਰਾਉਣ ਦਾ ਸਵਾਲ ਹੈ, ਇਸ ਦਾ ਫੈਸਲਾ ਵੀ ਰਾਜ ਸਰਕਾਰਾਂ ਨੇ ਕਰਨਾ ਹੈ | ਇਨ੍ਹਾਂ ਫੈਸਲਿਆਂ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਆਪਣੇ ਅੰਦੋਲਨ ਨੂੰ ਮੁਲਤਵੀ ਕੀਤੇ ਜਾਣ ਦਾ ਐਲਾਨ ਕਰ ਸਕਦਾ ਹੈ | ਮੁਲਤਵੀ ਅਸੀਂ ਇਸ ਲਈ ਕਹਿ ਰਹੇ ਹਾਂ, ਕਿਉਂਕਿ ਐੱਮ ਐੱਸ ਪੀ ਦੀ ਗਾਰਟੀ ਵਾਲੇ ਕਾਨੂੰਨ ਦੀ ਮੰਗ ਕਿਸਾਨਾਂ ਲਈ ਬਹੁਤ ਅਹਿਮ ਹੈ | ਇਸ ਲਈ ਜਿੰਨਾ ਚਿਰ ਇਸ ਦਾ ਸਾਰਥਕ ਹੱਲ ਨਹੀਂ ਹੁੰਦਾ, ਵੱਖ-ਵੱਖ ਸ਼ਕਲਾਂ ਵਿੱਚ ਕਿਸਾਨ ਸੰਘਰਸ਼ ਜਾਰੀ ਰਹਿਣਗੇ |
ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਕਿਸਾਨ ਅੰਦੋਲਨ ਦੀ ਮਹਾਨ ਜਿੱਤ ਹੈ | ਇਸ ਦੌਰਾਨ ਸ਼ਹੀਦ ਹੋਏ 700 ਦੇ ਕਰੀਬ ਕਿਸਾਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਹ ਜਿੱਤ ਸਿਰਫ਼ ਕਿਸਾਨਾਂ ਦੀ ਹੀ ਨਹੀਂ, ਉਨ੍ਹਾਂ ਸਾਰੇ ਲੋਕਤੰਤਰ ਨੂੰ ਪ੍ਰਣਾਏ ਲੋਕਾਂ ਦੀ ਹੈ, ਜਿਨ੍ਹਾਂ ਆਪਣੀ ਸਮਰੱਥਾ ਮੁਤਾਬਕ ਇਸ ਵਿੱਚ ਹਿੱਸਾ ਪਾਇਆ | ਖੇਤ ਮਜ਼ਦੂਰ ਤਾਂ ਪਹਿਲੇ ਦਿਨੋਂ ਹੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਗਏ ਸਨ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਯੂਨੀਅਨਾਂ ਨੇ ਵੀ ਕਿਸਾਨੀ ਰੁਝੇਵੇਂ ਵਾਲੇ ਸਮਿਆਂ ਦੌਰਾਨ ਮੋਰਚੇ 'ਤੇ ਹਾਜ਼ਰੀ ਭਰ ਕੇ ਅੰਦੋਲਨ ਨੂੰ ਕਮਜ਼ੋਰ ਨਾ ਹੋਣ ਦਿੱਤਾ | ਲੇਖਕ, ਨਾਟ ਕਰਮੀ, ਗਾਇਕ ਤੇ ਗੀਤਕਾਰ ਵੀ ਅੰਦੋਲਨ ਵਿੱਚ ਜੋਸ਼ ਭਰਦੇ ਰਹੇ |
ਦੁਨੀਆ ਭਰ ਵਿੱਚ ਫੈਲੇ ਪੰਜਾਬੀ ਪੁੱਤਾਂ ਨੇ ਵੀ ਅੰਦੋਲਨ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਵਿੱਤੀ ਮਦਦ ਦੀ ਛਹਿਬਰ ਲਾਈ ਰੱਖੀ | ਇਸ ਅੰਦੋਲਨ ਦੀ ਸਫ਼ਲਤਾ ਵਿੱਚ ਜਿਹੜਾ ਹਿੱਸਾ ਗੁਰਦੁਆਰਾ ਕਮੇਟੀਆਂ, ਹਰਿਆਣੇ ਦੀਆਂ ਖਾਪਾਂ ਤੇ ਨਾਗਰਿਕ ਸੰਸਥਾਵਾਂ ਨੇ ਲੰਗਰ ਲਾ ਕੇ, ਪਿੰਡਾਂ 'ਚੋਂ ਰਾਸ਼ਨ ਤੇ ਦੁੱਧ ਦੀ ਸੇਵਾ ਰਾਹੀਂ ਪਾਇਆ, ਉਹ ਵੀ ਭੁਲਾਇਆ ਨਹੀਂ ਜਾ ਸਕਦਾ | ਐੱਸ ਪੀ ਸਿੰਘ ਓਬਰਾਏ ਵਰਗਿਆਂ ਦੇ ਵੱਡੇ ਸਰਮਾਏ ਵਾਲੇ ਟਰੱਸਟਾਂ ਨੇ ਰਾਸ਼ਨ, ਟੈਂਟਾਂ, ਗਰਮ ਕੱਪੜਿਆਂ ਤੇ ਹੋਰ ਲੋੜੀਂਦੀਆਂ ਸਹੂਲਤਾਂ ਦੀ ਘਾਟ ਨਾ ਆਉਣ ਦਿੱਤੀ | ਗੋਲਡਨ ਹੱਟ ਵਾਲੇ ਰਾਣਾ ਨੂੰ ਭਲਾ ਕਿਵੇਂ ਭੁਲਾਇਆ ਜਾ ਸਕਦਾ ਹੈ, ਜਿਸ ਨੇ ਸਰਕਾਰ ਦੇ ਜ਼ੁਲਮ ਸਹਿ ਕੇ ਵੀ ਮੋਰਚੇ ਦੀ ਸੇਵਾ ਨਾ ਤਿਆਗੀ | ਅਮਰੀਕਾ ਤੋਂ ਆਏ ਪੰਜਾਬੀ ਪੁੱਤਰ ਡਾ. ਸਵੈਮਾਨ ਸਿੰਘ ਤੇ ਉਸ ਦੀ ਟੀਮ ਤੇ ਲੁਧਿਆਣੇ ਦੇ ਡਾਕਟਰਾਂ ਦੀ ਜਥੇਬੰਦੀ ਨੇ ਇੱਕ ਵਾਰ ਫਿਰ ਇਤਿਹਾਸ ਵਿੱਚ ਭਾਈ ਘਨੱਈਆ ਦੀ ਸੇਵਾ ਨੂੰ ਜਿਉਂਦਾ ਕਰ ਦਿੱਤਾ |
ਇਸ ਅੰਦੋਲਨ ਦੌਰਾਨ ਅਨੇਕਾਂ ਅਜਿਹੇ ਲੋਕ ਵੀ ਸਨ, ਜਿਨ੍ਹਾਂ ਸੇਵਾ ਕੀਤੀ, ਪਰ ਸਾਹਮਣੇ ਨਹੀਂ ਆਏ | ਕੋਈ ਕੱਪੜੇ ਧੋਣ ਦੀ ਸੇਵਾ ਕਰ ਰਿਹਾ ਸੀ, ਕੋਈ ਜੁੱਤੀਆਂ ਗੰਢ ਰਿਹਾ ਸੀ ਤੇ ਕੋਈ ਬੀਬੀ ਕੱਪੜਿਆਂ ਦੀ ਸਿਲਾਈ ਵਿੱਚ ਰੁੱਝੀ ਹੋਈ ਸੀ | ਰਵੀਸ਼ ਕੁਮਾਰ, ਸੰਦੀਪ ਚੌਧਰੀ, ਅਭਿਸਾਰ ਸ਼ਰਮਾ, ਪ੍ਰਸੁੰਨ ਬਾਜਪਾਈ ਤੇ ਅਜੀਤਅੰਜੁਮ ਸਮੇਤ ਉਹ ਸਾਰੇ ਪੱਤਰਕਾਰਾਂ ਦਾ ਵੀ ਅੰਦੋਲਨ ਵਿੱਚ ਅਹਿਮ ਹਿੱਸਾ ਰਿਹਾ, ਜਿਨ੍ਹਾਂ ਗੋਦੀ ਮੀਡੀਆ ਵੱਲੋਂ ਅੰਦੋਲਨ ਵਿਰੁੱਧ ਫੈਲਾਏ ਜਾ ਰਹੇ ਝੂਠ ਦਾ ਹਰ ਕਦਮ ਉੱਤੇ ਪਰਦਾ ਫਾਸ਼ ਕੀਤਾ |
ਉਹ ਅੰਤਰ-ਰਾਸ਼ਟਰੀ ਸ਼ਖਸੀਅਤਾਂ, ਜਿਨ੍ਹਾਂ ਇਸ ਅੰਦੋਲਨ ਨੂੰ ਕੌਮਾਂਤਰੀ ਮੰਚ ਉੱਤੇ ਖੜ੍ਹਾ ਕਰ ਦਿੱਤਾ, ਉਹ ਵੀ ਸ਼ਾਬਾਸ਼ ਦੀਆਂ ਹੱਕਦਾਰ ਹਨ | ਸਵੀਡਨ ਦੀ ਵਾਤਾਵਰਨ ਨੂੰ ਬਚਾਉਣ ਲਈ ਲੜਨ ਵਾਲੀ 16 ਸਾਲਾ ਗਰੇਟਾ ਥਨਬਰਗ, ਅਮਰੀਕੀ ਪੌਪ ਸਟਾਰ ਰਿਹਾਨਾ, ਅਮਰੀਕੀ ਮਾਡਲ ਅਮਾਂਡਾ ਤੇ ਅਮਰੀਕੀ ਉਪ ਰਾਸ਼ਟਰਪਤੀ ਦੀ ਭਤੀਜੀ ਮੀਨਾ ਹੈਰਿਸ ਵੱਲੋਂ ਕਿਸਾਨ ਅੰਦੋਲਨ ਪ੍ਰਤੀ ਪ੍ਰਗਟਾਈ ਚਿੰਤਾ ਨੂੰ ਦੁਨੀਆ ਭਰ ਵਿੱਚੋਂ ਹਮਾਇਤ ਮਿਲੀ | ਸਾਡੇ ਆਪਣੇ ਦੇਸ਼ ਦੀ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਤਾਂ ਕਿਸਾਨ ਅੰਦੋਲਨ ਦੀ ਹਮਾਇਤੀ ਕਾਰਨ ਜੇਲ੍ਹ ਵੀ ਜਾਣਾ ਪਿਆ |
ਕਿਸਾਨ ਅੰਦੋਲਨ ਦੀ ਜਿੱਤ ਸਿਰਫ਼ ਕਿਸਾਨਾਂ ਜਾਂ ਦੇਸ਼ ਭਰ ਦੇ ਜਾਗਰੂਕ ਲੋਕਾਂ ਦੀ ਹੀ ਜਿੱਤ ਨਹੀਂ, ਸਗੋਂ ਸੰਸਾਰ ਭਰ ਦੇ ਉਨ੍ਹਾਂ ਸਭ ਲੋਕਾਂ ਦੀ ਜਿੱਤ ਹੈ, ਜਿਹੜੇ ਸਾਮਰਾਜੀ ਲੋਟੂ ਵਿਵਸਥਾ ਵਿਰੁੱਧ ਆਪਣੇ ਦੇਸ਼ਾਂ ਵਿੱਚ ਲੜ ਰਹੇ ਹਨ | ਇਸ ਅੰਦੋਲਨ ਦੀ ਜਿੱਤ ਨੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਦੇ ਸੰਘਰਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ |
-ਚੰਦ ਫਤਿਹਪੁਰੀ

755 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper