Latest News

ਓ ਐੱਨ ਜੀ ਸੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ

Published on 13 Jan, 2018 10:30 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਲਿਜਾ ਰਿਹਾ ਹੈਲੀਕਾਪਟਰ ਮੁੰਬਈ ਤੱਟ ਤੋਂ ਤਕਰੀਬਨ 30 ਨਾਟੀਕਲ ਮੀਲ ਦੀ ਦੂਰੀ 'ਤੇ ਅਰਬ ਸਾਗਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ 'ਚ ਕੰਪਨੀ ਦੇ 5 ਮੁਲਾਜ਼ਮ ਅਤੇ ਦੋ ਪਾਇਲਟ ਸਵਾਰ ਸਨ ਅਤੇ ਉਹ ਕੰਪਨੀ ਦੇ ਨਾਰਥ ਫੀਲਡ ਲਈ ਰਵਾਨਾ ਹੋਇਆ ਸੀ।
ਤੱਟ ਰੱਖਿਅਕਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਪਵਨਹੰਸ ਕੰਪਨੀ ਦੇ ਇਸ ਹੈਲੀਕਾਪਟਰ ਦਾ ਮਲਬਾ ਬਰਾਮਦ ਕਰ ਲਿਆ ਹੈ ਅਤੇ ਸਮੁੰਦਰ 'ਚੋਂ ਹੈਲੀਕਾਪਟਰ 'ਤੇ ਸਵਾਰ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ, ਜਿਨ੍ਹਾਂ ਤੋਂ ਇੱਕ ਦੀ ਸ਼ਨਾਖਤ ਪੰਕਜ ਗਰਗ ਵਜੋਂ ਹੋਈ ਹੈ। ਸਮੁੰਦਰੀ ਫ਼ੌਜ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਦੋ ਆਈ ਐੱਸ ਵੀ ਅਤੇ ਕੋਸਟ ਗਾਰਡ ਦੀਆਂ ਤਿੰਨ ਯੂਨਿਟਾਂ ਬਚਾਅ ਕੰਮ 'ਚ ਲੱਗੀਆਂ ਹੋਈਆਂ ਹਨ।
ਹੈਲੀਕਾਪਟਰ ਨੇ 10 ਵੱਜ ਕੇ 20 ਮਿੰਟ 'ਤੇ ਉਡਾਣ ਭਰੀ ਸੀ ਅਤੇ ਉਸ ਨੇ 10 ਵੱਜ ਕੇ 50 ਮਿੰਟ 'ਤੇ ਆਪਣੀ ਮੰਜ਼ਲ 'ਤੇ ਪੁੱਜਣਾ ਸੀ। ਸੂਤਰਾਂ ਅਨੁਸਾਰ ਸਾਢੇ 10 ਵਜੇ ਹੈਲੀਕਾਪਟਰ ਅਤੇ ਏਅਰ ਟਰੈਫ਼ਿਕ ਕੰਟਰੋਲ ਵਿਚਕਾਰ ਸੰਪਰਕ ਟੁੱਟ ਗਿਆ। ਕੰਪਨੀ ਦੇ ਇਹ ਮੁਲਾਜ਼ਮ ਕੰਮ 'ਤੇ ਜਾ ਰਹੇ ਸਨ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾ ਹਾਦਸੇ ਦੇ ਸੰਬੰਧ 'ਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨਾਲ ਗੱਲ ਕੀਤੀ ਹੈ, ਤਾਂ ਜੋ ਬਚਾਅ ਮੁਹਿੰਮ ਨੂੰ ਤੇਜ਼ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ 2003 'ਚ ਵੀ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ਦਾ ਇੱਕ ਹੈਲੀਕਾਪਟਰ ਅਰਬ ਸਾਗਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਹਾਦਸੇ 'ਚ ਓ ਐੱਨ ਜੀ ਸੀ ਦੇ 23 ਮੁਲਾਜ਼ਮ ਮਾਰੇ ਗਏ ਸਨ। ਆਇਲ ਫੀਲਡ 'ਚ ਕੰਪਨੀ ਦੇ ਸੈਂਕੜੇ ਮੁਲਾਜ਼ਮ ਤਾਇਨਾਤ ਹਨ, ਜਿਨ੍ਹਾਂ ਨੂੰ ਲਿਜਾਣ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਹੈ।

206 Views

e-Paper