Latest News
ਆਰ ਬੀ ਆਈ ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਵੱਲੋਂ ਅਸਤੀਫ਼ਾ

Published on 24 Jun, 2019 11:29 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਨੇ ਆਪਣੇ ਨਿਰਧਾਰਿਤ ਕਾਰਜਕਾਲ ਦੇ ਪੂਰਾ ਹੋਣ ਤੋਂ ਛੇ ਮਹੀਨੇ ਪਹਿਲਾਂ ਹੀ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾ 2017 'ਚ ਆਰ ਬੀ ਆਈ ਜੁਆਇੰਨ ਕੀਤਾ ਸੀ। ਵਿਰਲ ਅਚਾਰੀਆ ਦਾ ਅਸਤੀਫ਼ਾ ਦੇਣਾ ਆਰ ਬੀ ਆਈ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਫਿਲਹਾਲ ਉਨ੍ਹਾ ਦੇ ਇਸ ਫੈਸਲੇ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਮਹੀਨੇ ਤੋਂ ਆਰ ਬੀ ਆਈ ਗਵਰਨਰ ਸ਼ਕਤੀਕਾਂਤ ਦਾਸ ਦੇ ਫੈਸਲਿਆਂ ਤੋਂ ਵੱਖ ਆਪਣਾ ਵਿਚਾਰ ਰੱਖਣਾ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ। ਹਾਲਾਂਕਿ ਉਨ੍ਹਾਂ ਇਸ ਨੂੰ ਆਪਣਾ ਨਿੱਜੀ ਫੈਸਲਾ ਦੱਸਿਆ ਹੈ।
ਪਿਛਲੇ ਛੇ ਮਹੀਨਿਆਂ 'ਚ ਰਿਜ਼ਰਵ ਬੈਂਕ ਤੋਂ ਅਸਤੀਫ਼ਾ ਦੇਣ ਵਾਲੇ ਅਚਾਰੀਆ ਦੂਜੇ ਵੱਡੇ ਅਧਿਕਾਰੀ ਹਨ। ਇਸ ਤੋਂ ਪਹਿਲਾਂ ਦਸੰਬਰ 2018 'ਚ ਆਰ ਬੀ ਆਈ ਦੇ ਗਵਰਨਰ ਉਰਜਿਤ ਪਟੇਲ ਨੇ ਸਰਕਾਰ ਨਾਲ ਮਤਭੇਦਾਂ ਦੇ ਕਾਰਨ ਕਾਰਜਕਾਲ ਪੂਰਾ ਹੋਣ ਤੋਂ ਨੌਂ ਮਹੀਨੇ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਆਰ ਬੀ ਆਈ 'ਚ ਹੁਣ ਤਿੰਨ ਡਿਪਟੀ ਗਵਰਨਰ ਐੱਨ ਐੱਸ ਵਿਸ਼ਵਨਾਥਨ, ਬੀ ਪੀ ਕਾਨੂੰਨਗੋ ਅਤੇ ਐੱਮ ਕੇ ਜੈਨ ਹਨ।
ਅਚਾਰੀਆ ਰਿਜ਼ਰਵ ਬੈਂਕ ਦੀ ਅਜ਼ਾਦੀ ਦੇ ਤਕੜੇ ਮੁਦਈ ਸਨ ਅਤੇ ਨੋਟ ਪਸਾਰੇ ਤੇ ਰੈਪੋ ਰੇਟ ਘਟਾਉਣ ਦੇ ਮੁੱਦਿਆਂ 'ਤੇ ਉਨ੍ਹਾ ਦੇ ਗਵਰਨਰ ਸ਼ਕਤੀਕਾਂਤ ਦਾਸ ਨਾਲ ਮਤਭੇਦ ਸਨ। ਪਿਛਲੇ ਸਾਲ ਵੇਲੇ ਦੇ ਗਵਰਨਰ ਉਰਜਿਤ ਪਟੇਲ ਵੀ ਸਰਕਾਰ ਨਾਲ ਕਈ ਮੁੱਦਿਆਂ 'ਤੇ ਮਤਭੇਦਾਂ ਕਾਰਨ ਅਸਤੀਫਾ ਦੇ ਗਏ ਸਨ। ਇਨ੍ਹਾਂ ਮੁੱਦਿਆਂ ਵਿਚ ਵਾਧੂ ਧਨ ਸਰਕਾਰ ਨੂੰ ਟਰਾਂਸਫਰ ਕਰਨਾ, ਛੋਟੇ ਯੂਨਿਟਾਂ ਨੂੰ ਵਧੇਰੇ ਕਰਜ਼ ਦੇਣਾ, ਪਬਲਿਕ ਸੈਕਟਰ ਦੀਆਂ ਬੈਂਕਾਂ 'ਤੇ ਨਕੇਲ ਢਿੱਲੀ ਕਰਨੀ ਅਤੇ ਐੱਨ ਬੀ ਐੱਫ ਸੀ ਸੈਕਟਰ ਨੂੰ ਫੰਡ ਦੇਣਾ ਸ਼ਾਮਲ ਸਨ। ਅਚਾਰੀਆ ਨੇ ਸਰਕਾਰ ਨਾਲ ਲੜਾਈ ਵਿਚ ਪਟੇਲ ਦਾ ਸਾਥ ਦਿੱਤਾ ਸੀ।

249 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper