Latest News
ਏ ਡੀ ਜੀ ਪੀ ਵੱਲੋਂ ਜਾਂਚ ਦੇ ਭਰੋਸੇ ਤੋਂ ਬਾਅਦ ਬਿੱਟੂ ਦਾ ਸਸਕਾਰ

Published on 24 Jun, 2019 11:35 AM.


ਕੋਟਕਪੂਰਾ (ਸ਼ਾਮ ਲਾਲ ਚਾਵਲਾ)
ਡੇਰਾ ਸਿਰਸਾ ਦੀ 7 ਮੈਂਬਰੀ ਕਮੇਟੀ ਨੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਸਸਕਾਰ ਸੈਂਕੜੇ ਪ੍ਰੇਮੀਆਂ ਦੀ ਹਾਜਰੀ ਵਿੱਚ ਸ਼ਹਿਰ ਦੇ ਸ਼ਾਂਤੀ ਵਣ ਵਿੱਚ ਕਰ ਦਿੱਤਾ। ਡੇਰਾ ਸਿਰਸਾ ਦੀ 7 ਮੈਂਬਰੀ ਕਮੇਟੀ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀ ਮੰਨੀਆਂ ਜਾਂਦੀਆਂ, ਉਦੋਂ ਤੱਕ ਮਹਿੰਦਰਪਾਲ ਦਾ ਅੰਤਮ ਸੰਸਕਾਰ ਨਹੀ ਕੀਤਾ ਜਾਵੇਗਾ। ਡੇਰਾ ਕਮੇਟੀ ਦਾ ਕਹਿਣਾ ਸੀ ਕਿ ਮਹਿੰਦਰਪਾਲ ਦਾ ਕਤਲ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ, ਇਸ ਲਈ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਅਤੇ ਡੇਰਾ ਪ੍ਰੇਮੀਆਂ 'ਤੇ ਦਰਜ ਕੀਤੇ ਗਏ ਬੇਅਦਬੀ ਦੇ ਝੂਠੇ ਮਾਮਲੇ ਰੱਦ ਹੋਣੇ ਚਾਹੀਦੇ ਹਨ। ਡੇਰਾ ਪ੍ਰੇਮੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀ ਮੰਨੀਆਂ ਜਾਂਦੀਆਂ, ਉਹ ਮਹਿੰਦਰਪਾਲ ਦਾ ਸਸਕਾਰ ਨਹੀਂ ਕਰਨਗੇ। ਇਸ ਦੇ ਨਾਲ ਹੀ ਡੇਰੇ ਪ੍ਰੇਮੀਆਂ ਨੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ ਸੀ। ਅੱਜ ਦੂਜਾ ਦਿਨ ਬੀਤਣ ਤੋਂ ਪਹਿਲਾਂ ਡਵੀਜ਼ਨ ਦੇ ਆਈ ਜੀ ਮੁਖਵਿੰਦਰ ਸਿੰਘ ਛੀਨਾ ਦੇ ਯਤਨਾਂ ਸਦਕਾ ਡੇਰਾ ਕਮੇਟੀ ਨਾਲ ਲਗਾਤਾਰ ਮੀਟਿੰਗ ਚੱਲਣ ਤੋਂ ਬਾਅਦ ਮਾਮਲਾ ਸੁਲਝ ਗਿਆ। ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਤੇ ਏ ਡੀ ਜੀ ਪੀ ਵੱਲੋਂ ਜਾਂਚ ਕਰਨ ਦੇ ਭਰੋਸੇ ਤੋਂ ਬਾਅਦ ਪ੍ਰੇਮੀਆਂ ਨੇ ਮਹਿੰਦਰਪਾਲ ਬਿੱਟੂ ਦਾ ਸਸਕਾਰ ਕਰਨ ਦੀ ਹਾਮੀ ਭਰੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਡੇਰਾ ਪ੍ਰੇਮੀਆਂ ਦੇ ਭਰੇ ਇਕੱਠ ਵਿੱਚ ਸ਼ਹਿਰ ਦੇ ਸ਼ਾਂਤੀ ਵਣ ਵਿੱਚ ਬਿੱਟੂ ਦੀ ਮ੍ਰਿਤਕ ਦੇਹ ਨੂੰ ਅਗਨੀ ਉਸ ਦੇ ਸਪੁੱਤਰ ਅਰਮਿੰਦਰ ਸਿੰਘ ਤੇ ਬੇਟੀ ਵੱਲੋਂ ਦਿਖਾਈ ਗਈ।
ਯਾਦ ਰਹੇ ਕਿ ਪਿਛਲੇ 7 ਮਹੀਨਿਆਂ ਤੋਂ ਨਾਭਾ ਦੀ ਨਵੀਂ ਬਣੀ ਜ਼ਿਲ੍ਹਾ ਜੇਲ 'ਚ ਬੰਦ ਮਹਿੰਦਰਪਾਲ ਬਿੱਟੂ ਦਾ ਸ਼ਨੀਵਾਰ ਸ਼ਾਮ ਜੇਲ੍ਹ ਵਿਚ ਬੰਦ ਦੋ ਕੈਦੀਆਂ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਸ਼ਨੀਵਾਰ ਰਾਤ ਹੀ ਮਹਿੰਦਰਪਾਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸ਼ਾਂ ਨੂੰ ਸੌਂਪ ਦਿੱਤੀ ਸੀ। ਅੱਜ ਸਵੇਰ ਤੋਂ ਹੀ ਨਗਰ ਕੌਂਸਲ ਕੋਟਕਪੂਰਾ ਦੇ ਸਫਾਈ ਕਰਮਚਾਰੀ ਸ਼ਹਿਰ ਵਿਚੋਂ ਇੱਟਾਂ-ਵੱਟੇ ਇਕੱਠੇ ਕਰਕੇ ਦੂਰ ਲਿਜਾਂਦੇ ਦੇਖੇ ਗਏ। ਸੁਰੱਖਿਆ ਤੇ ਮੱਦੇਨਜ਼ਰ ਪੁਲਸ ਨੂੰ ਖਦਸ਼ਾ ਸੀ ਕਿ ਕਿਤੇ ਡੇਰਾ ਪ੍ਰੇਮੀ ਭੜਕ ਨਾ ਜਾਣ। ਬਿੱਟੂ ਦੇ ਸਸਕਾਰ ਸਮੇਂ ਪੂਰੇ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਸੀ। ਪੁਲਸ ਵਲੋਂ ਸੈਂਕੜੇ ਮੁਲਾਜ਼ਮਾਂ ਨਾਲ ਸ਼ਹਿਰ ਅੰਦਰ ਮਾਰਚ ਵੀ ਕੱਢਿਆ ਗਿਆ। ਇਲਾਕੇ ਭਰ ਦੇ ਡੇਰਾ ਪ੍ਰੇਮੀਆਂ ਨੇ ਸਸਕਾਰ ਤੋਂ ਬਾਅਦ ਨਾਮ ਚਰਚਾ ਘਰ ਅੰਦਰ ਜਾ ਕੇ ਅਰਦਾਸ ਕੀਤੀ।
ਪੱਤਰਕਾਰਾਂ ਨੇ ਜਦੋਂ ਮ੍ਰਿਤਕ ਮਹਿੰਦਰਪਾਲ ਬਿੱਟੂ ਦੇ ਭਰਾ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਸਾਡਾ ਪਰਵਾਰ ਕਦੇ ਵੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ। ਅਸੀਂ ਇਨਸਾਫ ਚਾਹੁੰਦੇ ਹਾਂ, ਸਾਡੇ ਭਰਾ ਦਾ ਸਿਆਸੀ ਕਤਲ ਹੋਇਆ ਹੈ, ਜਿਸ ਦੀ ਉੱਚ ਪੱਧਰੀ ਜਾਂਚ ਦੀ ਲੋੜ ਹੈ। ਸਾਡੇ ਮੱਥੇ 'ਤੇ ਲੱਗਿਆ ਬੇਅਦਬੀ ਦਾ ਕਲੰਕ ਹਮੇਸ਼ਾ ਲਈ ਮਿਟ ਜਾਣਾ ਚਾਹੀਦਾ ਹੈ। ਸਹੀ ਤੇ ਇਮਾਨਦਾਰ ਅਫਸਰ ਪਾਸੋਂ ਜਾਂਚ ਹੋਣੀ ਚਾਹੀਦੀ ਹੈ।

363 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper