Latest News
ਮਕਬੂਜ਼ਾ ਕਸ਼ਮੀਰ 'ਚ ਦਹਿਸ਼ਤਗਰਦਾਂ ਦੇ 4 ਲਾਂਚਿੰਗ ਪੈਡ ਤਬਾਹ, 5 ਪਾਕਿ ਫੌਜੀ ਹਲਾਕ

Published on 20 Oct, 2019 11:07 AM.


ਜੰਮੂ : ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ ਵਿਚ ਭਾਰਤੀ ਤੇ ਪਾਕਿਸਤਾਨੀ ਫੌਜਾਂ ਵਿਚਾਲੇ ਗੋਲਾਬਾਰੀ ਦੌਰਾਨ ਇਕ ਭਾਰਤੀ ਨਾਗਰਿਕ ਤੇ 2 ਫੌਜੀ ਸ਼ਹੀਦ ਹੋ ਗਏ, ਜਦਕਿ ਪਾਕਿਸਤਾਨ ਦੇ 5 ਫੌਜੀ ਮਾਰੇ ਗਏ। ਇਹ ਗੋਲਾਬਾਰੀ ਉਦੋਂ ਹੋਈ ਹੈ, ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਥਲ ਸੈਨਾ ਮੁਖੀ ਬਿਪਿਨ ਰਾਵਤ ਸੋਮਵਾਰ ਲੱਦਾਖ ਦੌਰੇ 'ਤੇ ਜਾ ਰਹੇ ਹਨ।
ਸਰਕਾਰੀ ਸੂਤਰਾਂ ਮੁਤਾਬਕ ਪਾਕਿਸਤਾਨੀ ਫੌਜ ਨੇ ਦਹਿਸ਼ਤਗਰਦਾਂ ਦੇ ਗਰੁੱਪ ਦੀ ਘੁਸਪੈਠ ਕਰਾਉਣ ਲਈ ਫਾਇਰਿੰਗ ਕੀਤੀ, ਜਿਸ ਦਾ ਭਾਰਤੀ ਫੌਜ ਨੇ ਜਵਾਬ ਦਿੱਤਾ। ਇਸ ਦੌਰਾਨ 3 ਭਾਰਤੀ ਨਾਗਰਿਕ ਜ਼ਖਮੀ ਹੋ ਗਏ। ਭਾਰਤੀ ਫੌਜ ਨੇ ਤੋਪਾਂ ਨਾਲ ਗੋਲੇ ਵਰ੍ਹਾਏ ਅਤੇ ਮਕਬੂਜ਼ਾ ਕਸ਼ਮੀਰ ਵਿਚ ਲਾਈਨ ਆਫ ਕੰਟਰੋਲ (ਐੱਲ ਓ ਸੀ) ਦੇ ਨਾਲ ਦਹਿਸ਼ਤਗਰਦਾਂ ਦੇ ਕਈ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਉਸ ਨੇ ਦਹਿਸ਼ਤਗਰਦਾਂ ਦੇ ਚਾਰ ਲਾਂਚਿੰਗ ਪੈਡ ਤਬਾਹ ਕਰ ਦਿੱਤੇ। ਇਸ ਦੌਰਾਨ 22 ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਜਨਰਲ ਰਾਵਤ ਨੇ ਕਿਹਾ ਕਿ 6 ਤੋਂ 10 ਪਾਕਿਸਤਾਨੀ ਫੌਜੀ ਤੇ ਕਈ ਦਹਿਸ਼ਤਗਰਦ ਮਾਰੇ ਗਏ ਹਨ। ਪਾਕਿਸਤਾਨੀ ਫੌਜ ਆਪਣਾ ਨੁਕਸਾਨ ਦੱਸਣਾ ਨਹੀਂ ਚਾਹੁੰਦੀ।
ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਇਕ ਫੌਜੀ ਤੇ ਘੱਟੋ-ਘੱਟ 6 ਨਾਗਰਿਕ ਮਾਰੇ ਗਏ ਹਨ। 9 ਨਾਗਰਿਕ ਜ਼ਖਮੀ ਹੋਏ ਹਨ। ਇਸ ਸਾਲ ਇਹ ਸਭ ਤੋਂ ਵੱਡਾ ਜਾਨੀ ਨੁਕਸਾਨ ਹੈ। ਉਨ੍ਹਾਂ ਜੁੜਾ, ਸ਼ਾਹਕੋਟ ਤੇ ਨੌਸੇਰਾ ਸੈਕਟਰਾਂ ਵਿਚ 9 ਭਾਰਤੀ ਫੌਜੀ ਮਾਰਨ ਤੇ ਕਈ ਹੋਰ ਜ਼ਖਮੀ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੋ ਭਾਰਤੀ ਬੰਕਰ ਵੀ ਤਬਾਹ ਕਰਨ ਦੀ ਗੱਲ ਕਹੀ ਹੈ। ਕਾਂਗਰਸ ਆਗੂ ਅਖਿਲੇਸ਼ ਸਿੰਘ ਨੇ ਕਿਹਾ ਕਿ ਮੋਦੀ ਜੀ ਦੀ ਸਰਕਾਰ ਜਦ ਵੀ ਕਿਸੇ ਵੱਡੇ ਰਾਜ ਵਿਚ ਚੋਣਾਂ ਹੁੰਦੀਆਂ ਹਨ, ਉਦੋਂ ਸਰਜੀਕਲ ਸਟਰਾਈਕ ਵਰਗਾ ਕੁਝ ਕਰਦੀ ਹੈ। ਹੁਣ ਮੂਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਸਰਜੀਕਲ ਸਟਰਾਈਕ 'ਤੇ ਸਿਆਸਤ ਹੋਵੇਗੀ।

232 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper