Latest News
'ਮੋਦੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਦੇਸ਼ ਦੀ ਆਰਥਿਕਤਾ ਦਿਨੋਂ-ਦਿਨ ਨਿੱਘਰਦੀ ਜਾ ਰਹੀ'

Published on 21 Oct, 2019 11:42 AM.


ਮੋਗਾ (ਅਮਰਜੀਤ ਬੱਬਰੀ)
ਪੰਜਾਬ ਰੋਡਵੇਜ਼ ਅਤੇ ਕਿਰਤੀ ਜਮਾਤ ਦੇ ਮਹਾਨ ਆਗੂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 31ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੱਸ ਅੱਡਾ ਮੋਗਾ ਉੱਪਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਈ ਗਈ। ਬਰਸੀ ਵਿੱਚ ਸੂਬੇ ਭਰ ਵਿੱਚੋਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ, ਪੈਨਸ਼ਨਰ, ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਕਾਮੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਇਸ ਬਰਸੀ ਸਮਾਗਮ 'ਤੇ ਸ਼ਹੀਦ ਬਾਈ ਨਛੱਤਰ ਧਾਲੀਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਦੇਸ਼ ਦੀ ਆਰਥਿਕਤਾ ਅਤੇ ਭਾਈਚਾਰਕ ਸਾਂਝ ਦਿਨੋਂ-ਦਿਨ ਨਿਘਰਦੀ ਜਾ ਰਹੀ ਹੈ। ਪਬਲਿਕ ਸੈਕਟਰ, ਬੈਂਕਾਂ, ਕਾਰਖਾਨੇ ਬੰਦ ਹੋ ਰਹੇ ਹਨ। ਏਅਰ ਲਾਈਨਾਂ, ਰੇਲਵੇ, ਟੈਲੀਕਾਮ ਵਰਗੇ ਅਦਾਰੇ ਕੌਡੀਆਂ ਦੇ ਭਾਅ ਸਰਮਾਏਦਾਰ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ। ਕੰਮ 'ਤੇ ਲੱਗੇ ਕਿਰਤੀਆਂ ਨੂੰ ਕੰਮ ਤੋਂ ਬਾਹਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪਹਿਲਾਂ ਤੋਂ ਲੱਗੀ ਬੇਰੁਜ਼ਗਾਰਾਂ ਦੀ ਵੱਡੀ ਕਤਾਰ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਜੀ ਐੱਸ ਟੀ ਅਤੇ ਨੋਟਬੰਦੀ ਵਰਗੇ ਫੈਸਲਿਆਂ ਕਰਕੇ ਦੇਸ਼ ਦੀ ਆਰਥਿਕਤਾ ਤਬਾਹੀ ਦੇ ਕੰਢੇ ਪਹੁੰਚ ਚੁੱਕੀ ਹੈ। ਭਾਜਪਾ ਸਰਕਾਰ ਅਤੇ ਗੋਦੀ ਮੀਡੀਆ ਵੱਲੋਂ ਹਿੰਦੂ-ਮੁਸਲਿਮ ਦੇ ਨਾਂਅ 'ਤੇ ਫਿਰਕਾਪ੍ਰਸਤ ਨਾਅਰਿਆਂ ਅਤੇ ਗਊ ਹੱਤਿਆ ਵਰਗੇ ਮੁੱਦਿਆਂ ਨੂੰ ਉਛਾਲ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ।
ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਲੋਕਾਂ ਨਾਲ ਲੁਭਾਵਣੇ ਝੂਠੇ ਵਾਇਦੇ ਕਰਕੇ ਕੇਂਦਰ ਵਿੱਚ ਮੋਦੀ ਸਰਕਾਰ ਅਤੇ ਪੰਜਾਬ ਵਿੱਚ ਕੈਪਟਨ ਸਰਕਾਰ ਬਣੀ, ਪਰ ਲੱਗਭੱਗ ਤਿੰਨ ਸਾਲ ਬੀਤ ਜਾਣ ਬਾਅਦ ਵੀ ਸਰਕਾਰਾਂ ਵੱਲੋਂ ਵੱਖ-ਵੱਖ ਵਰਗਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਹਨਾ ਕਿਹਾ ਕਿ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੇ-ਕਮਿਸ਼ਨ ਦੀ ਰਿਪੋਰਟ, ਡੀ ਏ, ਕਿਸਾਨਾਂ ਦੀ ਕਰਜ਼ ਮੁਆਫੀ, ਨਸ਼ਿਆਂ ਦਾ ਖਾਤਮਾ, 2004 ਤੋਂ ਮਗਰੋਂ ਭਰਤੀ ਹੋਏ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਅਤੇ ਘਰ-ਘਰ ਨੌਕਰੀ ਦੇਣ ਦੇ ਲਾਰੇ ਸਰਕਾਰ ਬਣਦਿਆਂ ਹੀ ਵਿਸਾਰ ਦਿੱਤੇ ਗਏ, ਜਿਸ ਕਰਕੇ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਸੂਬੇ ਵਿੱਚ ਰੋਜ਼ਾਨਾ ਵੱਡੀ ਪੱਧਰ 'ਤੇ ਸਰਕਾਰ ਵਿਰੋਧੀ ਧਰਨੇ-ਮੁਜ਼ਾਹਰੇ ਹੋ ਰਹੇ ਹਨ।
ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਤਿੰਦਰ ਪਨੂੰ ਸੰਪਾਦਕ 'ਨਵਾਂ ਜ਼ਮਾਨਾ' ਨੇ ਕਿਹਾ ਕਿ 31 ਸਾਲ ਪਹਿਲਾਂ ਬਾਈ ਨਛੱਤਰ ਧਾਲੀਵਾਲ ਨੇ ਦੇਸ਼-ਧਰੋਹੀ ਤਾਕਤਾਂ ਵਿਰੁੱਧ ਅਵਾਜ਼ ਬੁਲੰਦ ਕੀਤੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਸ਼ਹਾਦਤ ਦਾ ਜਾਮ ਪੀਤਾ। ਅੱਜ ਵੀ ਵੱਖਵਾਦੀ ਤਾਕਤਾਂ ਦੇਸ਼ ਪੱਧਰ 'ਤੇ ਸਰਗਰਮ ਹਨ, ਜਿਨ੍ਹਾਂ ਵਿਰੁੱਧ ਬਾਈ ਨਛੱਤਰ ਵਰਗੇ ਸ਼ਹੀਦਾਂ ਤੋਂ ਪ੍ਰੇਰਣਾ ਲੈਂਦੇ ਹੋਏ ਸਭ ਨੂੰ ਦੇਸ਼ ਦੀ ਏਕਤਾ ਅਤੇ ਜਮਹੂਰੀਅਤ ਦੀ ਮਜ਼ਬੂਤੀ ਲਈ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਕਾਮਰੇਡ ਜਗਰੂਪ ਨੇ ਬਾਈ ਨਛੱਤਰ ਧਾਲੀਵਾਲ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਦਾ ਇੱਕ ਪੂਰ ਅੱਤਵਾਦ ਦੀ ਭੇਟ, ਦੂਜਾ ਨਸ਼ਿਆਂ ਅਤੇ ਤੀਜਾ ਪੂਰ ਹਾਲਤਾਂ ਦਾ ਸਤਾਇਆ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਹੈ। ਦੇਸ਼ ਦੀ ਜਵਾਨੀ ਨੂੰ ਇਸ ਉਜਾੜੇ ਤੋਂ ਬਚਾਉਣ ਲਈ ਪਾਰਲੀਮੈਂਟ ਦੁਆਰਾ ਸ਼ਹੀਦ ਭਗਤ ਸਿੰਘ ਦੇ ਨਾਂਅ ਉੱਪਰ 'ਰੁਜ਼ਗਾਰ ਗਰੰਟੀ ਐਕਟ' ਪਾਸ ਕਰਾਉਣ ਦੀ ਜ਼ਰੂਰਤ ਹੈ, ਜੋ ਕਾਨੂੰਨ ਦੇ ਰੂਪ ਵਿੱਚ ਹਰ ਇੱਕ ਨੂੰ ਉਸ ਦੀ ਯੋਗਤਾ ਅਨੁਸਾਰ ਪੱਕੇ ਰੁਜ਼ਗਾਰ ਦੀ ਗਰੰਟੀ ਕਰਦਾ ਹੋਵੇ। ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਮੋਤੀ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਪਬਲਿਕ ਅਦਾਰਿਆਂ ਖਾਸ ਕਰਕੇ ਪੰਜਾਬ ਰੋਡਵੇਜ਼ ਦਾ ਬੇੜਾ ਗਰਕ ਕਰ ਦਿੱਤਾ ਗਿਆ। ਕਾਂਗਰਸ ਸਰਕਾਰ ਬਣਨ ਉਪਰੰਤ ਕੁਝ ਉਮੀਦਾਂ ਸਨ, ਪਰ ਇਸ ਸਰਕਾਰ ਨੇ ਵੀ ਕੈਪਟਨ-ਬਾਦਲ ਸਾਂਝਗਿਰੀ ਨਿਭਾਉਂਦਿਆਂ ਨਾ ਹੀ ਨਵੀਂ ਟਰਾਂਸਪੋਰਟ ਨੀਤੀ ਲਿਆਂਦੀ, ਉੱਚ ਅਦਾਲਤਾਂ ਦੇ ਫੈਸਲਿਆਂ ਮੁਤਾਬਕ ਕੋਈ ਪਰਮਿਟ ਰੱਦ ਨਹੀਂ ਕੀਤਾ ਗਿਆ, ਟਾਇਮ ਟੇਬਲਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ, ਜਿਸ ਕਰਕੇ ਮਹਿਕਮੇ ਦੀ ਹਾਲਤ ਬਦਤਰ ਹੋ ਚੁੱਕੀ ਹੈ। ਬਰਸੀ ਸਮਾਗਮ ਦੀ ਸ਼ੁਰੂਆਤ ਕੁਲਦੀਪ ਭੋਲਾ ਸਕੱਤਰ ਸੀ ਪੀ ਆਈ ਜ਼ਿਲ੍ਹਾ ਮੋਗਾ ਨੇ ਕੀਤੀ। ਸਟੇਜ ਦੀ ਸਮੁੱਚੀ ਕਾਰਵਾਈ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਜਗਦੀਸ਼ ਚਾਹਲ ਨੇ ਨਿਭਾਈ। ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਵੱਲੋਂ ਵਿੱਕੀ ਮਹੇਸਰੀ ਦੇ ਨਿਰਦੇਸ਼ਨ ਹੇਠ ਨਾਟਕ ਅਤੇ ਕੋਰਿਓਗਰਾਫੀਆਂ ਪੇਸ਼ ਕੀਤੀਆ ਗਈਆਂ। ਇਸ ਮੌਕੇ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਸ਼ਮੀਰ ਸਿੰਘ ਗਦਾਈਆ, ਪੀ ਐੱਸ ਈ ਬੀ ਦੇ ਪ੍ਰਧਾਨ ਹਰਭਜਨ ਪਿਲਕਣੀ, ਗੁਰਮੇਲ ਮੈਡਲੇ ਪ੍ਰਧਾਨ ਪੈਨਸ਼ਨਰਜ਼ ਯੂਨੀਅਨ, ਸੁਖਦੇਵ ਸ਼ਰਮਾ, ਗੁਰਦੇਵ ਸਿੰਘ, ਅਵਤਾਰ ਸਿੰਘ ਤਾਰੀ, ਬਚਿੱਤਰ ਧੋਥੜ, ਭੁਪਿੰਦਰ ਸੇਖੋਂ, ਗੁਰਮੀਤ ਧਾਲੀਵਾਲ, ਜਗਸੀਰ ਖੋਸਾ, ਜਗਜੀਤ ਧੂੜਕੋਟ, ਸੁਖਜਿੰਦਰ ਮਹੇਸਰੀ, ਅਵਤਾਰ ਗਗੜਾ, ਗੁਰਜੰਟ ਕੋਕਰੀ, ਗੁਰਚਰਨ ਦਾਤੇਵਾਲ, ਗੁਰਪ੍ਰੀਤ ਚੁਗਾਵਾਂ, ਜਸਵਿੰਦਰ ਕੌਰ, ਸੁਰਿੰਦਰ ਸਿੰਘ, ਜਗਪਾਲ ਸਿੰਘ, ਜਗਦੇਵ ਸਿੰਘ, ਇੰਦਰਜੀਤ ਭਿੰਡਰ, ਜਸਵੀਰ ਲਾਡੀ, ਕੁਲਵਿੰਦਰ ਮੱਲ੍ਹੀ ਆਦਿ ਆਗੂ ਅਤੇ ਕਾਮੇ ਹਾਜ਼ਰ ਸਨ।

339 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper