ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਐਗਜ਼ੈਕਟਿਵ ਕਮੇਟੀ ਨੇ ਹੋਸਟਲ ਫੀਸਾਂ ਵਿਚ ਕੀਤਾ ਵਾਧਾ ਅੰਸ਼ਕ ਤੌਰ 'ਤੇ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸੋਧੇ ਫੈਸਲੇ ਮੁਤਾਬਕ ਇਕ ਵਿਦਿਆਰਥੀ ਤੋਂ ਕਮਰੇ ਦਾ ਕਿਰਾਇਆ 200 ਰੁਪਏ ਮਹੀਨਾ ਲਿਆ ਜਾਵੇਗਾ। ਜੇ ਇਕ ਕਮਰੇ ਵਿਚ ਦੋ ਰਹਿਣਗੇ ਤਾਂ ਸੌ-ਸੌ ਰੁਪਏ ਦੇਣਗੇ। ਸਕਿਓਰਿਟੀ ਫੀਸ 5500 ਰੁਪਏ ਲਈ ਜਾਵੇਗੀ, ਜਿਹੜੀ ਵਧਾ ਕੇ 12 ਹਜ਼ਾਰ ਰੁਪਏ ਕਰ ਦਿੱਤੀ ਸੀ। ਸਰਵਿਸ ਚਾਰਜ 1700 ਰੁਪਏ ਲਏ ਜਾਣਗੇ। ਪਹਿਲਾਂ ਇਕ ਵਿਦਿਆਰਥੀ ਦਾ ਕਿਰਾਇਆ ਪ੍ਰਤੀ ਮਹੀਨਾ 20 ਰੁਪਏ ਤੋਂ ਵਧਾ ਕੇ 600 ਰੁਪਏ ਅਤੇ ਦੋ ਵਿਦਿਆਰਥੀਆਂ ਦਾ 10 ਰੁਪਏ ਤੋਂ ਵਧਾ ਕੇ 300 ਰੁਪਏ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 1700 ਰੁਪਏ ਦੀ ਨਵੀਂ ਫੀਸ ਵੀ ਵਸੂਲ ਕੀਤੀ ਜਾਣੀ ਸੀ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਯੂਨੀਵਰਸਿਟੀ ਪਾਣੀ, ਬਿਜਲੀ ਤੇ ਸਰਵਿਸ ਚਾਰਜ ਦੇ ਸਾਲਾਨਾ 10 ਕਰੋੜ ਰੁਪਏ ਭਰਦੀ ਹੈ। ਯੂਨੀਵਰਸਿਟੀ ਨੇ 19 ਸਾਲ ਤੋਂ ਫੀਸ ਨਹੀਂ ਵਧਾਈ। ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਮੰਗ ਸੀ ਕਿ ਫੀਸ ਵਧਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਗਈ।
ਕੇਂਦਰੀ ਸਿੱਖਿਆ ਸਕੱਤਰ ਆਰ ਸੁਬਰਾਮਨੀਅਮ ਨੇ ਬੁੱਧਵਾਰ ਟਵੀਟ ਕਰਕੇ ਦੱਸਿਆ ਕਿ ਯੂਨੀਵਰਸਿਟੀ ਦੀ ਐਗਜ਼ੈਕਟਿਵ ਕਮੇਟੀ ਨੇ ਹੋਸਟਲ ਫੀਸ ਵਿਚ ਵਾਧੇ ਤੇ ਹੋਰਨਾਂ ਨਿਯਮਾਂ ਨਾਲ ਜੁੜੇ ਫੈਸਲੇ ਵਾਪਸ ਲੈ ਲਏ ਹਨ ਤੇ ਹੁਣ ਵਿਦਿਆਰਥੀ ਮੁਜ਼ਾਹਰੇ ਖਤਮ ਕਰਕੇ ਵਾਪਸ ਜਮਾਤਾਂ ਵਿਚ ਚਲੇ ਜਾਣ।
ਸੁਬਰਾਮਨੀਅਮ ਨੇ ਕਿਹਾ ਕਿ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਵਿਚ ਆਰਥਕ ਤੌਰ 'ਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਾਲੀ ਮਦਦ ਮੁਹੱਈਆ ਕਰਾਉਣ ਨਾਲ ਸੰਬੰਧਤ ਯੋਜਨਾ ਦਾ ਮਤਾ ਵੀ ਪੇਸ਼ ਕੀਤਾ ਗਿਆ।
ਜੇ ਐਨ ਯੂ ਸਟੂਡੈਂਟਸ ਯੂਨੀਅਨ ਦੇ ਉਪ-ਪ੍ਰਧਾਨ ਸਾਕੇਤ ਮੂਨ ਨੇ ਕਿਹਾ ਹੈ ਕਿ ਪ੍ਰੋਟੈਸਟ ਜਾਰੀ ਰਹੇਗਾ। ਉਹ ਸਾਰਾ ਵਾਧਾ ਵਾਪਸ ਕਰਾਉਣਾ ਚਾਹੁੰਦੇ ਹਨ। ਉਹ ਵੀ ਸੀ ਨਾਲ ਗੱਲ ਕਰਨੀ ਚਾਹੁੰਦੇ ਹਨ। ਆਰਥਕ ਤੌਰ 'ਤੇ ਪੱਛੜੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਉਸ ਬਾਰੇ ਦੱਸਿਆ ਜਾਏ ਕਿ ਕੀ ਇਹ ਸਾਰਿਆਂ ਨੂੰ ਮਿਲੇਗੀ।
ਵਿਦਿਆਰਥੀਆਂ ਦੇ ਮੁਜ਼ਾਹਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਯੂਨੀਵਰਸਿਟੀ ਤੋਂ ਬਾਹਰ ਕੀਤੀ। ਵਿਦਿਆਰਥੀਆਂ ਦੇ ਮੁਜ਼ਾਹਰੇ ਕਾਰਨ ਸੋਮਵਾਰ ਕਾਨਵੋਕੇਸ਼ਨ ਵਿਚ ਹਿੱਸਾ ਲੈਣ ਆਏ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰੀਆਲ 6 ਘੰਟੇ ਏ ਆਈ ਸੀ ਟੀ ਏ ਦੀ ਬਿਲਡਿੰਗ ਵਿਚ ਫਸੇ ਰਹੇ ਸਨ। ਵਿਦਿਆਰਥੀ ਹੋਸਟਲ ਮੈਨੂਅਲ ਦਾ ਡਰਾਫਟ ਵਾਪਸ ਲੈਣ ਦੀ ਮੰਗ ਕਰ ਰਹੇ ਸਨ, ਜਿਸ ਨਾਲ ਹੋਸਟਲ ਦਾ ਕਿਰਾਇਆ ਕਈ ਗੁਣਾ ਵਧ ਜਾਣਾ ਸੀ। ਇਸ ਦੇ ਇਲਾਵਾ ਵਿਜ਼ਟਰ ਨੂੰ ਰਾਤ ਸਾਢੇ 10 ਵਜੇ ਹੋਸਟਲ ਤੋਂ ਬਾਹਰ ਹੋਣਾ ਪੈਣਾ ਸੀ। ਮੁੰਡਿਆਂ ਦੇ ਕਮਰਿਆਂ ਵਿਚ ਕੁੜੀਆਂ ਤੇ ਕੁੜੀਆਂ ਦੇ ਕਮਰਿਆਂ ਵਿਚ ਮੁੰਡਿਆਂ ਦੀ ਐਂਟਰੀ ਬੈਨ ਹੋ ਜਾਣੀ ਸੀ। ਨਿਯਮਾਂ ਦੀ ਪਾਲਣਾ ਨਾ ਕਰਨ 'ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਵੀ ਤਜਵੀਜ਼ ਸੀ। ਵਿਦਿਆਰਥੀ ਜਦੋਂ ਬੁੱਧਵਾਰ ਸੜਕਾਂ 'ਤੇ ਨਿਕਲੇ ਤਾਂ ਉਨ੍ਹਾਂ ਨੂੰ ਆਰ ਐੱਸ ਐੱਸ ਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਵੀ ਸਾਥ ਮਿਲਿਆ। ਵਿਦਿਆਰਥੀਆਂ ਨੇ ਵੀ ਸੀ ਦਫਤਰ ਅੱਗੇ ਡਫਲੀ ਵਜਾ ਕੇ ਨਾਅਰੇਬਾਜ਼ੀ ਕੀਤੀ।
ਦੂਜੇ ਪਾਸੇ ਯੂਨੀਵਰਸਿਟੀ ਦੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀ ਕੇ ਲੋਬਿਆਲ ਨੇ ਕਿਹਾ ਹੈ ਕਿ ਹੋਸਟਲ ਮੈਨੁਅਲ ਦੇ ਇਲਾਵਾ ਟੀਚਰਾਂ ਦੇ ਵੀ ਤਰੱਕੀਆਂ ਸਣੇ ਕਈ ਮੁੱਦੇ ਸਨ। ਉਨ੍ਹਾਂ ਨੇ ਵੀ ਗੱਲ ਕਰਨੀ ਸੀ ਪਰ ਉਨ੍ਹਾਂ ਨੂੰ ਦੱਸੇ ਬਿਨਾਂ ਵੀ ਸੀ ਨੇ ਮੀਟਿੰਗ ਯੂਨੀਵਰਸਿਟੀ ਤੋਂ ਬਾਹਰ ਕਰ ਲਈ, ਉਹ ਇਸ ਦੀ ਨਿੰਦਾ ਕਰਦੇ ਹਨ। ਵੀ ਸੀ ਨੂੰ ਯੂਨੀਵਰਸਿਟੀ ਇਸ ਤਰ੍ਹਾਂ ਨਹੀਂ ਚਲਾਉਣੀ ਚਾਹੀਦੀ।