Latest News
ਅਯੋਗ, ਪਰ ਯੋਗ...

Published on 13 Nov, 2019 09:09 AM.

ਨਵੀਂ ਦਿੱਲੀ : ਸੁਪਰੀਮ ਕੋਰਟ ਨੇ 17 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਕਰਨਾਟਕ ਦੇ ਵੇਲੇ ਦੇ ਸਪੀਕਰ ਕੇ ਆਰ ਰਮੇਸ਼ ਕੁਮਾਰ ਦੇ ਹੁਕਮ ਨੂੰ ਬੁੱਧਵਾਰ ਜਾਇਜ਼ ਠਹਿਰਾਇਆ, ਪਰ ਇਸ ਹੁਕਮ ਦੇ ਉਸ ਹਿੱਸੇ ਨੂੰ ਰੱਦ ਕਰ ਦਿੱਤਾ, ਜਿਸ ਵਿਚ ਸਪੀਕਰ ਨੇ ਕਿਹਾ ਸੀ ਕਿ ਇਹ ਵਿਧਾਇਕ 15ਵੀਂ ਅਸੰਬਲੀ ਦੀ ਰਹਿੰਦੀ ਮਿਆਦ ਤੱਕ ਅਯੋਗ ਰਹਿਣਗੇ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਵਿਧਾਇਕ ਹੁਣ 5 ਦਸੰਬਰ ਨੂੰ ਹੋਣ ਵਾਲੀਆਂ 15 ਸੀਟਾਂ ਲਈ ਉਪ-ਚੋਣਾਂ ਲੜ ਸਕਦੇ ਹਨ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇ ਇਹ ਵਿਧਾਇਕ ਜਿੱਤ ਜਾਂਦੇ ਹਨ ਤਾਂ ਮੰਤਰੀ ਵੀ ਬਣ ਸਕਦੇ ਹਨ ਜਾਂ ਹੋਰ ਜਨਤਕ ਅਹੁਦਾ ਹਾਸਲ ਕਰ ਸਕਦੇ ਹਨ।
ਜਸਟਿਸ ਐੱਨ ਵੀ ਰਮਨ ਦੀ ਅਗਵਾਈ ਵਾਲੀ ਬੈਂਚ ਨੇ ਇਨ੍ਹਾਂ ਵਿਧਾਇਕਾਂ ਵੱਲੋਂ ਪਹਿਲਾਂ ਹਾਈ ਕੋਰਟ ਜਾਣ ਦੀ ਥਾਂ ਸਿੱਧੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੇ ਢੰਗ ਦੀ ਨਿੰਦਾ ਕੀਤੀ। ਕੋਰਟ ਨੇ ਕਿਹਾ ਕਿ ਉਸ ਦਾ ਫੈਸਲਾ ਕੇਸ ਦੇ ਤੱਥਾਂ ਤੇ ਹਾਲਾਤ 'ਤੇ ਅਧਾਰਤ ਹੈ ਅਤੇ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਸਪੀਕਰ ਦੀ ਸ਼ਕਤੀ ਵਿਚ ਦਖਲ-ਅੰਦਾਜ਼ੀ ਨਹੀਂ ਕਰਦਾ।
ਸਪੀਕਰ ਨੇ ਐੱਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਜਨਤਾ ਦਲ (ਸੈਕੂਲਰ) ਤੇ ਕਾਂਗਰਸ ਦੀ ਸਰਕਾਰ ਦੇ ਡਿੱਗਣ ਤੋਂ ਪਹਿਲਾਂ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੇ ਇਨ੍ਹਾਂ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ। ਇਸ ਨੂੰ ਉਨ੍ਹਾਂ ਸੁਪਰੀਮ ਕੋਰਟ ਵਿਚ ਚੈਲੰਜ ਕੀਤਾ ਸੀ। ਇਨ੍ਹਾਂ ਵਿਧਾਇਕਾਂ ਦੀ ਬਗਾਵਤ ਕਰਕੇ ਕੁਮਾਰਸਵਾਮੀ ਸਰਕਾਰ ਡਿੱਗੀ ਸੀ ਤੇ ਬੀ ਐੱਸ ਯੇਦੀਯੁਰੱਪਾ ਦੀ ਅਗਵਾਈ ਵਿਚ ਭਾਜਪਾ ਸਰਕਾਰ ਬਣ ਗਈ ਸੀ।
ਕਰਨਾਟਕ ਅਸੰਬਲੀ ਦੀਆਂ 224 ਸੀਟਾਂ ਹਨ। 17 ਵਿਧਾਇਕਾਂ ਦੇ ਅਯੋਗ ਠਹਿਰਾਏ ਜਾਣ ਤੋਂ ਬਾਅਦ 207 ਮੈਂਬਰ ਰਹਿ ਗਏ ਸਨ। ਇਨ੍ਹਾਂ ਵਿਚੋਂ ਬਹੁਮਤ ਲਈ 104 ਵਿਧਾਇਕਾਂ ਦੀ ਲੋੜ ਸੀ ਤੇ ਭਾਜਪਾ ਨੇ 106 ਨਾਲ ਸਰਕਾਰ ਬਣਾ ਲਈ ਸੀ। ਇਸ ਵੇਲੇ ਕਾਂਗਰਸ ਦੇ 66 ਤੇ ਜਨਤਾ ਦਲ (ਸੈਕੂਲਰ) ਦੇ 34 ਵਿਧਾਇਕ ਹਨ ਤੇ ਇਕ ਹੋਰ ਵਿਧਾਇਕ ਹੈ। ਉਪ-ਚੋਣਾਂ 15 ਸੀਟਾਂ ਲਈ ਹੋ ਰਹੀਆਂ ਹਨ। ਇਨ੍ਹਾਂ ਦੇ ਨਤੀਜਿਆਂ ਤੋਂ ਬਾਅਦ ਸਦਨ ਦੀ ਤਾਕਤ 222 ਹੋ ਜਾਵੇਗੀ ਅਤੇ ਬਹੁਮਤ ਲਈ 112 ਮੈਂਬਰਾਂ ਦੀ ਲੋੜ ਹੋਵੇਗੀ। ਭਾਜਪਾ ਕੋਲ 106 ਵਿਧਾਇਕ ਹਨ ਤੇ ਇਨ੍ਹਾਂ 15 ਸੀਟਾਂ ਵਿਚੋਂ ਘੱਟੋ-ਘੱਟ 6 ਸੀਟਾਂ ਜਿੱਤਣੀਆਂ ਉਸ ਲਈ ਜ਼ਰੂਰੀ ਹਨ। ਦਿਲਚਸਪ ਗੱਲ ਇਹ ਹੈ ਕਿ ਇਹ 15 ਸੀਟਾਂ ਪਹਿਲਾਂ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਨੇ ਜਿੱਤੀਆਂ ਸਨ।

42 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper