ਇਸਲਾਮਾਬਾਦ : ਪਾਕਿਸਤਾਨ ਨੇ ਭਾਰਤ ਦੇ ਨਾਲ ਡਾਕ ਦਾ ਅਦਾਨ-ਪ੍ਰਦਾਨ ਸ਼ੁਰੂ ਕਰਦੇ ਹੋਏ ਪੱਤਰ ਭੇਜਣ 'ਤੇ ਲੱਗੀ ਪਾਬੰਦੀ ਹਟਾ ਲਈ ਹੈ। ਕਸ਼ਮੀਰ ਮੁੱਦੇ 'ਤੇ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੇ ਤਕਰੀਬਨ ਸਵਾ ਤਿੰਨ ਮਹੀਨੇ ਪਹਿਲਾਂ ਡਾਕ ਨੂੰ ਭਾਰਤ ਭੇਜਣ 'ਤੇ ਰੋਕ ਲਾ ਦਿੱਤੀ ਸੀ। ਪਾਕਿਸਤਾਨ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਪੱਤਰ ਭੇਜਣ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ, ਪਰ ਕਿਸੇ ਤਰ੍ਹਾਂ ਦੇ ਪਾਰਸਲ ਨੂੰ ਭੇਜਣ 'ਤੇ ਰੋਕ ਬਰਕਰਾਰ ਰੱਖੀ ਹੈ।
ਇਸ ਸੰਬੰਧ 'ਚ ਰਸਮੀ ਸਰਕੂਲਰ ਪਾਕਿਸਤਾਨ ਪੋਸਟ ਵੱਲੋਂ ਦੇਸ਼ ਦੇ ਸਾਰੇ ਪੋਸਟ ਆਫਿਸਾਂ ਨੂੰ ਭੇਜ ਦਿੱਤਾ ਗਿਆ ਹੈ।
ਜਨਰਲ ਪੋਸਟ ਆਫਿਸ ਰਾਵਲਪਿੰਡੀ ਦੇ ਪ੍ਰਸ਼ਾਸਨ ਨੇ 'ਐੱਕਸਪ੍ਰੈੱਸ ਟ੍ਰਿਬਿਊਨ' ਨੂੰ ਦੱਸਿਆ ਕਿ ਪਾਕਿਸਤਾਨੀ ਨਾਗਰਿਕ ਪੱਤਰ, ਰਜਿਸਟਰੀ, ਐੱਕਸਪ੍ਰੈੱਸ ਲੈਟਰ ਭਾਰਤ ਭੇਜ ਸਕਣਗੇ, ਪਰ ਪਾਰਸਲ ਅਤੇ ਕਿਸੇ ਹੋਰ ਸਾਮਾਨ ਨੂੰ ਭਾਰਤ ਭੇਜਣ 'ਤੇ ਰੋਕ ਬਰਕਰਾਰ ਰਹੇਗੀ। ਪ੍ਰਸ਼ਾਸਨ ਨੇ ਦੱਸਿਆ ਕਿ ਸੇਵਾ ਬਹਾਲ ਹੁੰਦੇ ਹੀ ਪੋਸਟ ਆਫਿਸਾਂ 'ਚ ਸੈਂਕੜੇ ਚਿੱਠੀਆਂ ਭਾਰਤ ਭੇਜਣ ਲਈ ਮਿਲੀਆਂ।