Latest News
ਵਕੀਲਾਂ ਮੂਹਰੇ ਭਿੱਜੀਆਂ ਬਿੱਲੀਆਂ ਬਣਨ ਵਾਲੇ ਵਿਦਿਆਰਥੀਆਂ 'ਤੇ ਬਘਿਆੜਾਂ ਵਾਂਗ ਝਪਟੇ

Published on 19 Nov, 2019 11:36 AM.


ਨਵੀਂ ਦਿੱਲੀ : ਵਕੀਲਾਂ ਅੱਗੇ ਭਿੱਜੀਆਂ ਬਿੱਲੀਆਂ ਬਣ ਗਏ ਦਿੱਲੀ ਦੇ ਪੁਲਸ ਵਾਲੇ ਸੋਮਵਾਰ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਬਘਿਆੜਾਂ ਵਾਂਗ ਝਪਟੇ। ਹੋਸਟਲ ਫੀਸਾਂ ਵਿਚ ਵਾਧਾ ਵਾਪਸ ਕਰਾਉਣ ਤੇ ਹੋਰ ਮੰਗਾਂ ਮਨਾਉਣ ਲਈ ਸੰਸਦ ਵੱਲ ਮਾਰਚ ਕਰਨ ਵਾਲੇ ਵਿਦਿਆਰਥੀ ਜਦੋਂ ਸ਼ਾਮ ਨੂੰ ਖਿੰਡ ਰਹੇ ਸਨ ਤਾਂ ਪੁਲਸ ਵਾਲਿਆਂ, ਜਿਨ੍ਹਾਂ ਵਿਚ ਕਈ ਸਾਦੇ ਕੱਪੜਿਆਂ ਵਿਚ ਸਨ, ਨੇ ਅੰਨ੍ਹੀ ਡਾਂਗ ਵਾਹੀ। ਰੂਸੀ ਭਾਸ਼ਾ ਵਿਚ ਬੀ ਏ ਕਰ ਰਿਹਾ ਰਾਜਸਥਾਨ ਦੇ ਚੁਰੂ ਦਾ 18 ਸਾਲ ਦਾ ਸਚਿਨ ਕੁਮਾਰ, ਜਿਸ ਦੀ ਮਾਂ ਦਿਹਾੜੀਆਂ ਕਰਦੀ ਹੈ, ਪਹਿਲੀ ਵਾਰ ਕਿਸੇ ਮਾਰਚ ਵਿਚ ਸ਼ਾਮਲ ਹੋਇਆ ਸੀ। ਉਸ ਨੇ ਕਿਹਾ, 'ਸਾਨੂੰ ਉਮੀਦ ਨਹੀਂ ਸੀ ਕਿ ਪੁਰਅਮਨ ਵਿਦਿਆਰਥੀਆਂ 'ਤੇ ਪੁਲਸ ਇਸ ਤਰ੍ਹਾਂ ਦਾ ਤਸ਼ੱਦਦ ਕਰੇਗੀ। ਟੀ ਵੀ ਦੇਖ ਰਹੇ ਵਿਦਿਆਰਥੀਆਂ ਦੇ ਮਾਂ-ਬਾਪ ਫੋਨ ਕਰਦੇ ਰਹੇ ਕਿ ਪਿੱਛੇ ਰਹਿਣਾ, ਪੁਲਸ ਡਾਂਗਾਂ ਵਰ੍ਹਾ ਰਹੀ ਹੈ।'
ਵਿਦਿਆਰਥੀ ਹੀ ਨਹੀਂ ਪੱਤਰਕਾਰ ਵੀ ਪੁਲਸ ਦੇ ਅਤਾਬ ਦਾ ਸ਼ਿਕਾਰ ਹੋਏ। 'ਪੀਪਲਜ਼ ਡਿਸਪੈਚ ਨਿਊਜ਼ ਵੈੱਬਸਾਈਟ' ਲਈ ਕੰਮ ਕਰਦਾ ਪੱਤਰਕਾਰ ਅਰੁਣ ਕੁਮਾਰ ਫੋਟੋਆਂ ਕਲਿੱਕ ਕਰ ਰਿਹਾ ਸੀ ਕਿ ਪੁਲਸ ਨੇ ਉਸ ਨੂੰ ਵੀ ਕੁੱਟ ਦਿੱਤਾ। ਅਰੁਣ ਨੇ ਦੱਸਿਆ ਕਿ ਪੁਲਸ ਨੇ ਐਲਾਨਿਆ ਕਿ ਕੋਈ ਵੀ ਬੈਰੀਕੇਡ ਨੇੜੇ ਨਾ ਆਏ। ਜਦੋਂ ਕੁਝ ਵਿਦਿਆਰਥੀ ਅੱਗੇ ਵਧੇ ਤਾਂ ਪੁਲਸ ਨੇ ਅਚਾਨਕ ਲਾਠੀਚਾਰਜ ਕਰ ਦਿੱਤਾ। ਉਸ ਨੇ ਆਪਣਾ ਕਾਰਡ ਦਿਖਾ ਕੇ ਕਿਹਾ ਕਿ ਉਹ ਪੱਤਰਕਾਰ ਹੈ। ਦੋ ਪੁਲਸ ਵਾਲਿਆਂ ਨੇ ਉਸ ਦੀ ਗੱਲ ਸੁਣ ਕੇ ਰੋਕਿਆ ਕਿ ਏਨੇ ਨੂੰ ਸੀ ਆਰ ਪੀ ਐੱਫ ਦੇ ਜਵਾਨ ਨੇ ਉਸ ਦੇ ਸਿਰ 'ਤੇ ਡੰਡਾ ਮਾਰ ਦਿੱਤਾ ਤੇ ਉਸ ਦੇ ਸਿਰ 'ਚੋਂ ਖੂਨ ਦੀ ਧਾਰ ਨਿਕਲ ਗਈ।
ਰਾਤ ਕਰੀਬ ਸਵਾ 7 ਵਜੇ ਫੜੇ ਵਿਦਿਆਰਥੀਆਂ ਨੂੰ ਛੱਡਣ ਤੋਂ ਬਾਅਦ ਜਦੋਂ ਉਨ੍ਹਾਂ ਦੇ ਨੁਮਾਇੰਦੇ ਕੇਂਦਰੀ ਮੰਤਰੀ ਨੂੰ ਮਿਲਣ ਜਾਣ ਵਾਲੇ ਸਨ ਤਾਂ ਸਟਰੀਟ ਲਾਈਟਾਂ ਬੰਦ ਹੋ ਗਈਆਂ ਤੇ ਪੁਲਸ ਵਾਲੇ ਵਿਦਿਆਰਥੀਆਂ 'ਤੇ ਝਪਟ ਪਏ। ਟੀਚਰਜ਼ ਐਸੋਸੀਏਸ਼ਨ ਦੇ ਸਕੱਤਰ ਸੁਰਾਜੀਤ ਮਜ਼ੂਮਦਾਰ ਜਦੋਂ ਵਿਦਿਆਰਥੀਆਂ ਨੂੰ ਪ੍ਰੋਟੈੱਸਟ ਵਾਲੀ ਥਾਂ ਤੋਂ ਲੈ ਕੇ ਜਾ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ 'ਤੇ ਵੀ ਡਾਂਗਾਂ ਵਰ੍ਹਾ ਦਿੱਤੀਆਂ। ਪ੍ਰੋਫੈਸਰ ਮਜ਼ੂਮਦਾਰ ਨੇ ਦੱਸਿਆ, 'ਪੁਲਸ ਵਾਲਿਆਂ ਨੇ ਸਾਨੂੰ ਵਿਦਿਆਰਥੀਆਂ ਨੂੰ ਪਾਸੇ ਕਰਨ ਲਈ ਕਿਹਾ, ਤਾਂ ਕਿ ਟਰੈਫਿਕ ਵਿਚ ਰੁਕਾਵਟ ਨਾ ਪਵੇ।
ਵਿਦਿਆਰਥੀ ਜੋਰ ਬਾਗ ਮੈਟਰੋ ਸਟੇਸ਼ਨ ਵੱਲ ਜਾ ਰਹੇ ਸਨ ਕਿ ਪੁਲਸ ਵਾਲਿਆਂ ਨੇ ਲਾਠੀਚਾਰਜ ਕਰ ਦਿੱਤਾ। ਇਕ ਟੀਚਰ ਨੇ ਕਿਹਾ ਕਿ ਵਿਦਿਆਰਥੀ ਜਾ ਤਾਂ ਰਹੇ ਹਨ, ਤਾਂ ਇਕ ਹੈਲਮਟ ਵਾਲੇ ਤੇ ਇਕ ਸਾਦੀ ਵਰਦੀ ਵਾਲੇ ਪੁਲਸ ਵਾਲੇ ਨੇ ਕਿਹਾ ਕਿ ਤੂੰ ਟੀਚਰ ਹੈ ਤੋ ਕਯਾ ਹੂਆ? ਹਮ ਯਹਾਂ ਸਵੇਰ ਸੇ ਖੜ੍ਹੇ ਹੈਂ।'
ਪ੍ਰੋਫੈਸਰ ਮਜ਼ੂਮਦਾਰ ਨੇ ਕਿਹਾ, 'ਪੁਲਸ ਵਾਲਿਆਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਤੇ ਕਿਹਾ ਕਿ ਤੂੰ ਵਿਦਿਆਰਥੀਆਂ ਨੂੰ ਇਹ ਪੜ੍ਹਾਉਂਦਾ ਏਂ। ਉਨ੍ਹਾਂ ਮੇਰੀ ਛਾਤੀ ਤੇ ਲੱਤਾਂ ਤੇ ਲਾਠੀਆਂ ਮਾਰੀਆਂ। ਜਦੋਂ ਮੈਂ ਲੜਖੜਾਇਆ ਤਾਂ ਪਿੱਛੋਂ ਠੁੱਡਾਂ ਮਾਰੀਆਂ।' ਪੁਲਸ ਨੇ ਆਪਣੇ ਬਿਆਨ ਵਿਚ ਦਾਅਵਾ ਕੀਤਾ ਕਿ ਲਾਠੀਚਾਰਜ ਨਹੀਂ ਕੀਤਾ ਗਿਆ, ਕਿਤੇ-ਕਿਤੇ ਵਿਦਿਆਰਥੀਆਂ ਨੂੰ ਪਿੱਛੇ ਧੱਕਿਆ ਗਿਆ।
ਸਕੂਲ ਆਫ ਸੋਸ਼ਲ ਸਾਇੰਸਿਜ਼ ਦਾ ਸਟੂਡੈਂਟ ਯੂਨੀਅਨ ਦਾ ਕੌਂਸਲਰ ਸ਼ਸ਼ੀ ਭੂਸ਼ਣ ਲਾਠੀਚਾਰਜ ਦੌਰਾਨ ਭੁੰਜੇ ਡਿੱਗ ਪਿਆ। ਪੁਲਸ ਵਾਲਿਆਂ ਨੇ ਉਸ ਦੇ ਸੀਨੇ 'ਤੇ ਬੂਟ ਮਾਰੇ। ਉਸ ਨੇ ਕਿਹਾ, 'ਮੈਂ ਚਸ਼ਮਾ ਲਾਹ ਕੇ ਦਿਖਾਇਆ ਕਿ ਮੈਨੂੰ ਬਹੁਤ ਘੱਟ ਨਜ਼ਰ ਆਉਂਦਾ, ਪਰ ਉਹ ਰੁਕੇ ਨਹੀਂ ਤੇ ਮਾਰਦੇ ਰਹੇ।' ਸ਼ਸ਼ੀ ਭੂਸ਼ਣ ਨੂੰ ਏਮਜ਼ ਦੇ ਟਰਾਮਾ ਸੈਂਟਰ ਵਿਚ ਦਾਖਲ ਕਰਾਉਣਾ ਪਿਆ। ਪੀ ਐੱਚ ਡੀ ਹਾਸਲ ਕਰ ਚੁੱਕੇ ਸਾਬਕਾ ਵਿਦਿਆਰਥੀ ਸੰਦੀਪ ਲੂਈਸ ਨੇ ਦੱਸਿਆ ਕਿ ਧੱਕਾ-ਮੁੱਕੀ ਵਿਚ ਪੁਲਸ ਵਾਲੇ ਨੇ ਉਸ ਦਾ ਪੈਰ ਖਿੱਚ ਲਿਆ ਤੇ ਸੰਤੁਲਨ ਵਿਗੜਨ ਕਾਰਨ ਉਸ ਦਾ ਸਿਰ ਫੁਟਪਾਥ 'ਤੇ ਵੱਜਾ, ਪੰਜ ਟਾਂਕੇ ਲੁਆਉਣੇ ਪਏ। ਸਪੈਨਿਸ਼ ਭਾਸ਼ਾ ਵਿਚ ਬੀ ਏ ਕਰ ਰਹੇ ਸੁਧਾਂਸ਼ੂ ਰਾਜ ਨੇ ਕਿਹਾ ਕਿ ਪੁਲਸ ਵਾਲਿਆਂ ਨੇ ਉਸ ਨੂੰ ਚਿਹਰੇ ਦੇ ਭਾਰ ਘਸੀਟਿਆ।

345 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper