Latest News
ਅਮਰੀਕੀ ਮਾਹਿਰ ਨੇ ਪਾਕਿ ਵੱਲੋਂ ਸੋਸ਼ਲ ਮੀਡੀਆ ਰਾਹੀਂ ਭਾਰਤੀ ਅਰਥਚਾਰੇ 'ਤੇ ਹਮਲੇ ਤੋਂ ਸਾਵਧਾਨ ਕੀਤਾ

Published on 11 Dec, 2019 11:00 AM.


ਮÎੋਹਾਲੀ, (ਗੁਰਜੀਤ ਬਿੱਲਾ)
ਅੱਤਵਾਦ ਅਤੇ ਅੰਦਰੂਨੀ ਸੁਰੱਖਿਆ 'ਤੇ ਉੱਘੇ ਅਮਰੀਕੀ ਮਾਹਿਰ ਡਾ. ਪੀਟਰ ਚਾਕ ਨੇ ਅੱਜ ਆਖਿਆ ਕਿ ਪਾਕਿਸਤਾਨ ਵੱਲੋਂ ਭਾਰਤੀ ਅਰਥਚਾਰੇ 'ਤੇ ਹਮਲਾ ਕਰਨ ਲਈ ਸੋਸ਼ਲ ਮੀਡੀਆ ਦੀ ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਵਧਾਨ ਕੀਤਾ ਕਿ ਆਈ.ਐੱਸ.ਆਈ. ਸੋਸ਼ਲ ਮੀਡੀਆ ਸਾਈਟਾਂ ਦੇ ਗੁਪਤ ਸੰਕੇਤਾਂ, ਸੁਰੱਖਿਅਤ ਦੂਰ ਸੰਚਾਰ ਪਲੇਟਫਾਰਮਾਂ ਅਤੇ ਆਨਲਾਈਨ ਮੈਪਿੰਗ ਤਕਨਾਲੋਜੀ ਦੀ ਵਰਤੋਂ ਲੁਕਵੇਂ ਢੰਗ ਨਾਲ ਕਸ਼ਮੀਰ ਵਿੱਚ ਜੇਹਾਦੀਆਂ ਦੀ ਭਰਤੀ ਮੁਹਿੰਮ ਜਾਂ ਸਿੱਧੇ ਤੌਰ 'ਤੇ ਅੱਤਵਾਦੀ ਹਮਲਿਆਂ ਲਈ ਮਦਦ ਕਰਨ ਵਿੱਚ ਕਰ ਸਕਦੀ ਹੈ, ਕਿਉਂ ਜੋ ਪਾਕਿਸਤਾਨ ਵੱਲੋਂ ਕਸ਼ਮੀਰ ਵਿੱਚ ਭਾਰਤ ਵਿਰੋਧੀ ਦਲਾਂ ਨੂੰ ਸ਼ਹਿ ਦੇਣ ਦਾ ਪੁਰਾਣਾ ਇਤਿਹਾਸ ਹੈ। ਰੈਂਡ ਕਾਰਪੋਰੇਸ਼ਨ ਤੋਂ ਅਮਰੀਕੀ ਮਾਹਿਰ ਨੇ ਸੁਝਾਅ ਦਿੱਤਾ ਕਿ ਪਾਕਿਸਤਾਨ ਨਾਲ ਨਿਪਟਣ ਦਾ ਸਭ ਤੋਂ ਕਾਰਗਰ ਢੰਗ ਸਹਿਯੋਗੀ ਅਤੇ ਭਾਈਵਾਲ ਮੁਲਕਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਕਿ ਪਾਕਿਸਤਾਨ 'ਤੇ ਦਬਾਅ ਬਣਾਇਆ ਜਾ ਸਕੇ। ਇਸੇ ਤਰ੍ਹਾਂ ਇਨ੍ਹਾਂ ਮੁਲਕਾਂ ਨੂੰ ਇਹ ਗੱਲ ਵੀ ਸਮਝਾਉਣੀ ਹੋਵੇਗੀ ਕਿ ਪਾਕਿਸਤਾਨ ਦੀ ਧਰਤੀ ਤੋਂ ਚਲਦੀਆਂ ਦਹਿਸ਼ਤੀ ਕਾਰਵਾਈਆਂ ਦੇ ਕਹਿਰ ਤੋਂ ਉਹ ਵੀ ਬਚ ਨਹੀਂ ਸਕਦੇ। ਉਨ੍ਹਾਂ ਸੁਚੇਤ ਕੀਤਾ ਕਿ ਅਮਰੀਕਾ ਵੱਲੋਂ ਪਾਕਿਸਤਾਨ ਨਾਲ ਦੂਹਰੇ ਕਿਰਦਾਰ ਵਾਲੀ ਖੇਡ ਖੇਡੀ ਜਾ ਰਹੀ ਹੈ, ਕਿਉਂਕਿ ਉਸ ਦੀ ਅਫਗਾਨਿਸਤਾਨ ਵਿੱਚ ਰਣਨੀਤਿਕ ਦਿਲਚਸਪੀ ਹੈ ਅਤੇ ਇਹੀ ਕਾਰਨ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨ ਖਿਲਾਫ਼ ਸਖ਼ਤ ਸਟੈਂਡ ਨਹੀਂ ਲਿਆ ਜਾ ਰਿਹਾ।
ਹਮਲੇ ਕਰਨ ਲਈ ਡਰੋਨ ਅਤੇ ਇਕੱਲੇ ਤੌਰ 'ਤੇ ਅੱਤਵਾਦੀ ਕਾਰਵਾਈ ਦੀ ਵਧ ਰਹੀ ਵਰਤੋਂ ਦੇ ਸੰਦਰਭ ਵਿੱਚ ਅਮਰੀਕੀ ਮਾਹਿਰ ਨੇ ਇਸ ਖਤਰੇ ਨਾਲ ਨਜਿੱਠਣ ਲਈ ਅਜਿਹੀ ਤਕਨਾਲੋਜੀ ਅਤੇ ਕਾਨੂੰਨਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ। ਅਜਿਹੇ ਜਵਾਬੀ ਹਮਲਿਆਂ ਵਿੱਚ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਵਿਚ ਗੈਰ-ਸਰਕਾਰੀ ਸੰਸਥਾਵਾਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਸਮਾਜਿਕ ਭਾਈਚਾਰੇ ਦੀ ਵਿਆਪਕ ਤੌਰ 'ਤੇ ਸ਼ਮੂਲੀਅਤ ਕੀਤੀ ਜਾਵੇ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ 100 ਫੀਸਦੀ ਕੱਟੜਪੰਥੀ ਆਨਲਾਈਨ ਥਾਂ ਨਹੀਂ ਲੈ ਸਕਦੀ ਅਤੇ ਮਨੁੱਖੀ ਸੰਪਰਕ ਇਸ ਪ੍ਰਕ੍ਰਿਆ ਦਾ ਹਿੱਸਾ ਹੈ। ਅਜਿਹੇ ਗਰੁੱਪਾਂ ਨੂੰ ਵੱਖਵਾਦੀਆਂ ਵੱਲੋਂ ਸੌਖਿਆਂ ਨਿਸ਼ਾਨਾ ਬਣਾਏ ਜਾਣ ਨੂੰ ਸਵੀਕਾਰ ਕਰਦਿਆਂ ਡਾ. ਚਾਕ ਨੇ ਕਿਹਾ ਕਿ ਇਹ ਗਰੁੱਪ ਛੇਤੀ ਕੀਤਿਆਂ ਅੱਤਵਾਦ ਦੀ ਧੌਂਸ ਅੱਗੇ ਹੱਥਿਆਰ ਸੁੱਟਣ ਵਾਲੇ ਨਹੀਂ ਹਨ।
ਰੈਫਰੈਂਡਮ-2020 ਦੇ ਸਪੱਸ਼ਟ ਹਵਾਲੇ ਵਿੱਚ ਡਾ. ਚਾਕ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ, ਯੂ.ਕੇ. ਤੇ ਕੈਨੇਡਾ ਤੋਂ ਸਰਗਰਮੀਆਂ ਚਲਾ ਰਹੇ ਵਿਦੇਸ਼ੀ ਗਰੁੱਪਾਂ ਅਤੇ ਪਾਕਿਸਤਾਨ ਵਿੱਚ ਖਾਲਿਸਤਾਨ ਪੱਖੀ ਦਹਿਸ਼ਤਗਰਦਾਂ ਵੱਲੋਂ ਮੌਜੂਦਾ ਸਮੇਂ ਸਿੱਖ ਨੌਜਵਾਨਾਂ ਨੂੰ ਕੱਟੜਵਾਦ ਦੇ ਰਾਹ 'ਤੇ ਤੋਰਨ ਦੇ ਮਨੋਰਥ ਨਾਲ ਜ਼ੋਰਦਾਰ ਢੰਗ ਨਾਲ ਸੋਸ਼ਲ ਮੀਡੀਆ ਰਾਹੀਂ ਯਤਨ ਕੀਤੇ ਜਾ ਰਹੇ ਹਨ। ਦੂਜੇ ਕੇ.ਪੀ.ਐੱਸ. ਗਿੱਲ ਯਾਦਗਾਰੀ ਭਾਸ਼ਣ ਮੌਕੇ 'ਡਿਜੀਟਲਾਇਜ਼ਡ ਨਫ਼ਰਤ : ਆਨਲਾਈਨ ਕੱਟੜਵਾਦ, ਹਿੰਸਕ ਇੰਤਹਾਪਸੰਦੀ ਅਤੇ ਅੱਤਵਾਦ' ਦੇ ਸਮਕਾਲੀ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਚਾਕ ਨੇ ਸਾਵਧਾਨ ਕੀਤਾ, ''ਇਹ ਸੰਕੇਤ ਉੱਭਰ ਰਹੇ ਹਨ ਕਿ ਆਈ.ਐੱਸ.ਆਈ. ਕਸ਼ਮੀਰ ਵਿੱਚ ਗੜਬੜੀ ਨਾਲ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਲਈ ਮਨਸੂਬੇ ਘੜ ਰਹੀ ਹੈ।''
ਡਾ. ਚਾਕ ਨੇ ਸੁਝਾਅ ਦਿੱਤਾ ਕਿ ਸੂਬਾ ਸਰਕਾਰ ਅਜਿਹੇ ਸਮੂਹਾਂ ਦੀ ਸ਼ਨਾਖਤ ਕਰੇ ਅਤੇ ਪਾਕਿਸਤਾਨ ਦੀ ਲੁਕਵੀਂ ਜੰਗ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਵੀ ਨਾਲ ਜੋੜਿਆ ਜਾਵੇ।
ਆਪਣੇ ਮੁੱਖ ਭਾਸ਼ਣ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਸ਼ਵੀਕਰਨ ਦੇ ਦੌਰ ਵਿੱਚ ਅੱਤਵਾਦ ਸੌਖਿਆਂ ਹੀ ਕੌਮਾਂਤਰੀ ਭੂਗੋਲਿਕ ਸਰਹੱਦਾਂ ਨੂੰ ਪਾਰ ਕਰ ਸਕਦਾ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਨੌਜਵਾਨਾਂ ਨੂੰ ਉਕਸਾਉਣ, ਦਹਿਸ਼ਤ ਫੈਲਾਉਣ ਅਤੇ ਦਹਿਸ਼ਤਗਰਦੀ ਵਿਚਾਰਧਾਰਾ ਦਾ ਪਾਸਾਰ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।
ਗੁਆਂਢੀ ਦੁਸ਼ਮਣ ਅਤੇ ਸਰਹੱਦ ਨਾਲ ਲਗਦਾ ਹੋਣ ਦੇ ਨਾਤੇ ਪੰਜਾਬ ਸੰਵੇਦਨਸ਼ੀਲ ਸੂਬਾ ਹੋਣ ਅਤੇ ਜੰਮੂ-ਕਸ਼ਮੀਰ ਨਾਲ ਜੁੜੇ ਹੋਣ ਕਰਕੇ ਨਸ਼ਾ ਅੱਤਵਾਦ ਦੀ ਵਧ ਰਹੀ ਚੁਣੌਤੀ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਧੁਨਿਕ ਪੁਲਿਸਿੰਗ ਦੀ ਲੋੜ 'ਤੇ ਜ਼ੋਰ ਦਿੱਤਾ, ਜੋ ਤਕਨਾਲੋਜੀ ਪੱਖੋਂ ਪੂਰੀ ਤਰ੍ਹਾਂ ਪ੍ਰਪੱਕ ਅਤੇ ਪੇਸ਼ੇਵਰ ਪਹੁੰਚ ਰੱਖਦੀ ਹੋਵੇ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੁੱਖ ਮੰਤਰੀ ਨੇ ਕਿਹਾ, ''ਅਸੀਂ ਕਿਸੇ ਵੀ ਸੂਰਤ ਵਿੱਚ ਪੰਜਾਬ ਨੂੰ ਬੀਤੇ ਹੋਏ ਕਾਲੇ ਦੌਰ ਵੱਲ ਮੁੜ ਲਿਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ, ਸਾਨੂੰ ਸਭ ਨੂੰ ਪਤਾ ਹੈ ਕਿ ਹੁਣ ਫਿਰ ਕੀ ਵਾਪਰ ਰਿਹਾ ਹੈ।''
ਕੈਪਟਨ ਅਮਰਿੰਦਰ ਸਿੰਘ ਨੇ ਕੇ.ਪੀ.ਐੱਸ. ਗਿੱਲ ਵੱਲੋਂ ਪੰਜਾਬ ਪੁਲਸ ਨੂੰ ਦਿੱਤੀ ਅਗਵਾਈ ਅਤੇ ਸੂਬੇ ਦੇ ਹਾਲਾਤ ਸੁਖਾਵੇਂ ਅਤੇ ਆਮ ਵਾਂਗ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪੁਲਸ ਫੋਰਸ ਨੂੰ ਸਵਰਗੀ ਸਾਬਕਾ ਡੀ.ਜੀ.ਪੀ ਦੀ ਲੀਡਰਸ਼ਿਪ ਤੋਂ ਸੇਧ ਲੈਣ ਦਾ ਸੱਦਾ ਦਿੱਤਾ ਅਤੇ ਕੁਸ਼ਲ ਅਗਵਾਈ ਲਈ ਉਨ੍ਹਾਂ ਤੋਂ ਚਾਨਣ-ਮੁਨਾਰੇ ਵਾਂਗ ਪ੍ਰੇਰਣਾ ਲੈਣ ਲਈ ਆਖਿਆ। ਉਨ੍ਹਾਂ ਕਿਹਾ ਕਿ ਕੇ.ਪੀ.ਐੱਸ. ਗਿੱਲ ਦੇ ਕਾਰਜਕਾਲ ਨੂੰ ਮੁਲਕ ਭਰ ਵਿਚ ਪ੍ਰਵਾਨ ਕੀਤਾ ਜਾਂਦਾ ਹੈ। ਉਨ੍ਹਾਂ ਪ੍ਰੋਗਰਾਮ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਲੀਡਰਸ਼ਿਪ ਤੁਹਾਡੇ ਤੋਂ ਸ਼ੁਰੂ ਹੁੰਦੀ ਹੈ। ਆਪਣੇ ਭਾਸ਼ਣ ਵਿੱਚ ਡਾ. ਚਾਕ ਨੇ ਸੰਚਾਰ ਮਾਹਿਰਾਂ ਅਤੇ ਸਿਵਲ ਸੁਸਾਇਟੀ ਗਰੁੱਪਾਂ ਨੂੰ ਇਕਜੁੱਟ ਕਰਕੇ ਕੱਟੜਪੰਥੀ ਦੀ ਪ੍ਰਕ੍ਰਿਆ ਵਿੱਚ ਸਿੱਧੇ ਤੌਰ 'ਤੇ ਦਖਲ ਦੇਣ ਦਾ ਸੱਦਾ ਦਿੱਤਾ ਤਾਂ ਕਿ ਬਦਲਵੇਂ ਤੌਰ 'ਤੇ ਸੰਦੇਸ਼ ਮੁਹਿੰਮਾਂ ਵਿਕਸਤ ਕਰਕੇ ਇਨ੍ਹਾਂ ਨੂੰ ਫੈਲਾਇਆ ਜਾ ਸਕੇ। ਭਾਸ਼ਣ ਤੋਂ ਬਾਅਦ ਇੱਕ ਸਵਾਲ ਦੇ ਜਵਾਬ ਵਿਚ ਅਮਰੀਕੀ ਮਾਹਿਰ ਨੇ ਕਿਹਾ ਕਿ ਗੂਗਲ, ਵਟਸਐਪ ਵਰਗੇ ਸੋਸ਼ਲ ਮੀਡੀਆ ਗਰੁੱਪਾਂ ਨੂੰ ਹੁਣ ਇਹ ਅਹਿਸਾਸ ਹੋ ਰਿਹਾ ਹੈ ਕਿ ਤਬਾਹਕੁਨ ਸਰਗਰਮੀਆਂ ਲਈ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਨਾਲ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਸੱਟ ਵੱਜ ਰਹੀ ਹੈ।
ਡਾ. ਚਾਕ ਮੁਤਾਬਕ ਪਾਕਿਸਤਾਨ ਅਤੇ ਅਫ਼ਗਾਸਿਤਾਨ ਵਿੱਚ ਅੱਤਵਾਦੀਆਂ ਅਤੇ ਦਹਿਸ਼ਤਗਰਦਾਂ ਦੁਆਰਾ ਇੰਟਰਨੈੱਟ ਅਤੇ ਆਨਲਾਈਨ ਮੰਚਾਂ ਦੀ ਵਰਤੋਂ ਦੇ ਸੁਰੱਖਿਆ ਹਾਲਾਤ 'ਤੇ ਪੈਣ ਵਾਲੇ ਅਸਰ ਨੂੰ ਵੇਖਦਿਆਂ ਇਹ ਘਟਨਾਕ੍ਰ੍ਰਮ ਭਾਰਤ ਲਈ ਡਾਢੀ ਚਿੰਤਾ ਦਾ ਸਬੱਬ ਹਨ। ਉਨ੍ਹਾਂ ਕਿਹਾ, 'ਕਸ਼ਮੀਰ ਵਿੱਚ ਦੰਗਿਆਂ ਅਤੇ ਪ੍ਰਦਰਸ਼ਨਾਂ ਨੂੰ ਹੱਲਾਸ਼ੇਰੀ ਦੇਣ ਲਈ ਟਵਿੱਟਰ ਦੀ ਪਹਿਲਾਂ ਹੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਹੁਣ ਜਦ ਕਸ਼ਮੀਰ ਦਾ ਵਿਸ਼ੇਸ਼ ਰਾਜ ਵਾਲਾ ਦਰਜਾ ਹਟਾ ਦਿੱਤਾ ਗਿਆ ਹੈ ਤਾਂ ਲਸ਼ਕਰ-ਏ-ਤੋਇਬਾ ਜਿਹੀਆਂ ਜਥੇਬੰਦੀਆਂ ਹੋਰ ਆਨਲਾਈਨ ਮੰਚਾਂ ਰਾਹੀਂ ਬੇਚੈਨੀ ਦਾ ਆਲਮ ਤੇਜ਼ ਕਰਨ ਲਈ ਤਤਪਰ ਹੋਣਗੀਆਂ।'' ਇਕ ਹੋਰ ਹੈਰਾਨੀਜਨਕ ਪ੍ਰਗਟਾਵਾ ਕਰਦਿਆਂ ਡਾ. ਚਾਕ ਨੇ ਕਿਹਾ ਕਿ ਆਈ.ਅੱੈਸ. ਨੇ ਵੀ ਅਮਰੀਕਾ ਅਤੇ ਪੱਛਮ ਵਿੱਚ ਇਕ ਵਿਅਕਤੀ ਦੁਆਰਾ ਹਿੰਸਕ ਹਮਲੇ ਕਰਵਾਉਣ ਲਈ ਇੰਟਰਨੱੈਟ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮ ਨੂੰ ਵਰਤਿਆ ਹੈ, ਕਿਉਂਕਿ ਆਗੂਹੀਣ ਵਿਰੋਧ ਦੇ ਉਭਾਰ ਵਿੱਚ ਸੂਚਨਾ ਤਕਨੀਕ ਬਹੁਤ ਅਹਿਮ ਰਹੀ ਹੈ। ਜਥੇਬੰਦਕ ਢਾਂਚੇ ਵਜੋਂ ਸੂਚਨਾ ਤਕਨੀਕ ਕੱਟੜ ਇਸਲਾਮੀ ਲਹਿਰਾਂ ਲਈ ਵੀ ਓਨੀ ਹੀ ਸਾਰਥਕਤਾ ਰੱਖਦੀ ਹੈ, ਜਿੰਨੀ ਕਿ ਕੱਟੜ ਸੱਜੇਪੱਖੀਆਂ ਲਈ। ਉਨ੍ਹਾਂ ਚੌਕਸ ਕਰਦਿਆਂ ਕਿਹਾ ਕਿ ਇਹ ਤਕਨੀਕ ਭਾਰਤ ਵਿੱਚ ਇਕੱਲੇ ਵਿਅਕਤੀ ਜਾਂ ਅੱਧ-ਆਜ਼ਾਦ ਜਥੇਬੰਦੀਆਂ ਨੂੰ ਅੱਤਵਾਦੀ ਹਮਲਿਆਂ ਲਈ ਹੱਲਾਸ਼ੇਰੀ ਦੇਣ ਖ਼ਾਤਰ ਵੀ ਅਸਰਦਾਰ ਢੰਗ ਨਾਲ ਵਰਤੀ ਜਾ ਸਕਦੀ ਹੈ।
ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਇਕੱਲੇ ਵਿਅਕਤੀਆਂ ਦੁਆਰਾ ਕੀਤੇ ਜਾਣ ਵਾਲੇ ਹਮਲਿਆਂ ਨਾਲ ਸਿੱਝਣਾ ਬੜਾ ਮੁਸ਼ਕਲ ਹੈ, ਉਨ੍ਹਾਂ ਕਿਹਾ, 'ਅਫ਼ਗਾਨਿਸਤਾਨ ਦੇ ਖੇਤਰਾਂ ਵਿੱਚੋਂ ਕੰਮ ਕਰਦੀ-ਕਰਦੀ ਆਈ ਐੱਸ ਅਮਰੀਕਾ 'ਤੇ ਹਮਲਾ ਕਰਨ ਦੇ ਸਬੰਧ ਵਿਚ ਕੁੱਝ ਸਮੇਂ ਤੋਂ ਇਹ ਤਕਨੀਕ ਵਰਤ ਰਹੀ ਹੈ ਅਤੇ ਇਸ ਗੱਲ ਦਾ ਕੋਈ ਕਾਰਨ ਨਹੀਂ ਕਿ ਦਿੱਲੀ, ਮੁੰਬਈ, ਬੰਗਲੌਰ, ਚੇਨਈ ਅਤੇ ਲੁਧਿਆਣਾ ਜਿਹੇ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਅਜਿਹੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਮੁੱਖ ਮੰਤਰੀ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਪੰਜਾਬ ਸਰਕਾਰ ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਅਤੇ ਪੁਲਸ, ਖ਼ੁਫ਼ੀਆ ਵਿਭਾਗ ਤੇ ਸੁਰੱਖਿਆ ਵਿਭਾਗ ਨਾਲ ਜੁੜੇ ਮੈਂਬਰਾਂ ਨੇ ਸਮਾਗਮ ਵਿੱਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਨੇ ਸਾਬਕਾ ਡੀ.ਜੀ.ਪੀ. ਮਰਹੂਮ ਕੇ.ਪੀ.ਐੱਸ ਗਿੱਲ ਜਿਨ੍ਹਾਂ ਅੱਤਵਾਦ ਵਿਰੁੱਧ ਦਲੇਰਾਨਾ ਲੜਾਈ 'ਚ ਪੰਜਾਬ ਪੁਲਸ ਦੀ ਅਗਵਾਈ ਕੀਤੀ ਸੀ, ਦੀ ਯਾਦ ਵਿੱਚ ਪਿਛਲੇ ਸਾਲ ਭਾਸ਼ਣਾਂ ਦੀ ਸਾਲਾਨਾ ਲੜੀ ਅਰੰਭੀ ਸੀ। ਪਹਿਲਾਂ ਕੇ.ਪੀ.ਐੱਸ. ਗਿੱਲ ਯਾਦਗਾਰੀ ਲੈਕਚਰ ਵੇਲੇ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ ਅੱੈਨ.ਅੱੈਨ. ਵੋਹਰਾ ਨੇ ਭਾਸ਼ਣ ਦਿੱਤਾ ਸੀ।

273 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper