Latest News
ਉੱਤਰਾਖੰਡ ਦੀਆਂ 99 ਫੀਸਦੀ ਬੀਬੀਆਂ ਨੇ ਉੱਜਵਲਾ ਸਕੀਮ ਦਾ ਦੂਜਾ ਸਿਲੰਡਰ ਨਹੀਂ ਲਿਆ

Published on 24 Feb, 2020 11:27 AM.


ਲਖਨਊ : ਮੋਦੀ ਸਰਕਾਰ ਦੀ ਮੁਫਤ ਐੱਲ ਪੀ ਜੀ ਕੁਨੈਕਸ਼ਨ ਵਾਲੀ 'ਉਜਵਲਾ' ਸਕੀਮ ਪ੍ਰਤੀ ਉੱਤਰਾਖੰਡ ਦੀਆਂ ਬੀਬੀਆਂ ਵਿਚ ਉਤਸ਼ਾਹ ਨਹੀਂ। ਇਹ ਕੁਨੈਕਸ਼ਨ ਲੈਣ ਵਾਲੇ 99 ਫੀਸਦੀ ਲੋਕਾਂ ਨੇ ਦੁਬਾਰਾ ਸਿਲੰਡਰ ਨਹੀਂ ਭਰਵਾਇਆ। ਪਹਾੜੀ ਸੂਬੇ ਦੇ 13 ਜ਼ਿਲ੍ਹਿਆਂ ਵਿਚ 3 ਲੱਖ 72 ਹਜ਼ਾਰ ਪਰਵਾਰਾਂ ਨੇ ਕੁਨੈਕਸ਼ਨ ਲਏ ਸਨ, ਪਰ ਇਨ੍ਹਾਂ ਵਿੱਚੋਂ ਸਿਰਫ 3500 ਪਰਵਾਰਾਂ ਨੇ ਹੀ ਦੂਜਾ ਸਿਲੰਡਰ ਭਰਵਾਇਆ। ਸੂਬੇ ਦੇ ਮੰਤਰੀ ਮਦਨ ਕੌਸ਼ਿਕ ਨੇ ਕਿਹਾ ਕਿ ਮਹਿਲਾਵਾਂ ਦੀ ਜ਼ਿੰਦਗੀ ਸੁਖਾਲੀ ਕਰਨ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਸੀ। ਦਰਅਸਲ ਸਿਲੰਡਰਾਂ ਦੀ ਕੀਮਤ ਕਾਫੀ ਵਧ ਗਈ ਹੈ ਤੇ ਇਨ੍ਹਾਂ ਕੁਨੈਕਸ਼ਨਾਂ ਵਾਲਿਆਂ ਨੂੰ ਵੀ ਵਧੀ ਕੀਮਤ ਦੇਣੀ ਪੈਂਦੀ ਹੈ। ਇਸ ਦੇ ਬਾਅਦ ਬੈਂਕ ਖਾਤਿਆਂ ਵਿਚ ਪੈਸੇ ਮੁੜਦੇ ਹਨ। ਮੌਕੇ 'ਤੇ ਰਕਮ ਨਾ ਚੁਕਾ ਸਕਣ ਕਾਰਨ ਅਜਿਹੀ ਸਥਿਤੀ ਪੈਦਾ ਹੋ ਰਹੀ ਹੈ। ਇਸ ਦੇ ਇਲਾਵਾ ਪਿੰਡਾਂ ਵਿਚ ਗੈਸ ਏਜੰਸੀਆਂ ਦੀ ਕਮੀ ਤੇ ਪਹਾੜੀ ਇਲਾਕਿਆਂ ਵਿਚ ਘਰ ਤੱਕ ਡਿਲੀਵਰੀ ਦੀ ਵਿਵਸਥਾ ਨਾ ਹੋਣ ਵਰਗੀਆਂ ਸਮੱਸਿਆਵਾਂ ਹਨ। ਦਸੰਬਰ 2019 ਦੇ ਭਾਰਤ ਦੇ ਜੰਗਲਾਤ ਸਰਵੇ ਮੁਤਾਬਕ ਉੱਤਰਾਖੰਡ ਦੇ ਲੋਕ ਸਾਲਾਨਾ 4076 ਟਨ ਲੱਕੜੀ ਦੀ ਵਰਤੋਂ ਖਾਣਾ ਬਣਾਉਣ ਆਦਿ ਵਿਚ ਕਰਦੇ ਹਨ। ਟੀਹਰੀ ਜ਼ਿਲ੍ਹੇ ਦੀ ਵੰਦਨਾ ਦੇਵੀ ਨੇ ਕਿਹਾ, ''ਸਿਲੰਡਰ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਵੇਲੇ ਭਾਅ 900 ਰੁਪਏ ਦੇ ਕਰੀਬ ਹੈ। ਸਾਡੇ ਕੋਲ ਏਨੇ ਪੈਸੇ ਨਹੀਂ ਹੁੰਦੇ ਕਿ ਸਿਲੰਡਰ ਭਰਵਾ ਸਕੀਏ। ਸਰਕਾਰ ਭਾਅ ਘਟਾਵੇ।''ਪਿਛਲੇ ਹਫਤੇ ਹੀ ਗੈਰ-ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਵਿਚ 144 ਰੁਪਏ 50 ਪੈਸੇ ਦਾ ਵਾਧਾ ਕੀਤਾ ਗਿਆ। ਸਬਸਿਡੀ ਵੀ 153 ਰੁਪਏ 86 ਪੈਸੇ ਤੋਂ ਵਧਾ ਕੇ 291 ਰੁਪਏ 48 ਪੈਸੇ ਕਰ ਦਿੱਤੀ ਗਈ ਹੈ, ਪਰ ਪੈਸੇ ਬਾਅਦ ਵਿਚ ਬੈਂਕ ਖਾਤੇ ਵਿਚ ਆਉਣੇ ਹਨ। ਦੂਜੇ ਪਾਸੇ, ਹਿਮਾਚਲ 100 ਫੀਸਦੀ ਐੱਲ ਪੀ ਜੀ ਗੈਸ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਥੇ ਜੈਰਾਮ ਠਾਕੁਰ ਦੀ ਸਰਕਾਰ ਨੇ 2018 ਵਿਚ ਹਿਮਾਚਲ ਗ੍ਰਹਿਣੀ ਸੁਵਿਧਾ ਯੋਜਨਾ ਸ਼ੁਰੂ ਕੀਤੀ ਸੀ।

201 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper