Latest News
ਤਹਿਰੀਕ-ਇ-ਹੁਰੀਅਤ ਦਾ ਚੇਅਰਮੈਨ ਸਹਿਰਾਈ ਨਜ਼ਰਬੰਦ

Published on 12 Jul, 2020 08:44 AM.


ਜੰਮੂ : ਤਹਿਰੀਕ-ਇ-ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ ਸਹਿਰਾਈ, ਜਿਸ ਦੇ ਸਈਅਦ ਅਲੀ ਸ਼ਾਹ ਗਿਲਾਨੀ ਦੀ ਥਾਂ ਆਲ ਪਾਰਟੀਜ਼ ਹੁਰੀਅਤ ਕਾਨਫਰੰਸ ਦਾ ਚੇਅਰਮੈਨ ਬਣਨ ਦੀ ਆਸ ਲਾਈ ਜਾ ਰਹੀ ਸੀ, ਨੂੰ ਐਤਵਾਰ ਸਵੇਰੇ ਸ੍ਰੀਨਗਰ ਵਿਚ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਡੀ ਜੀ ਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਨੂੰ ਪਬਲਿਕ ਸੇਫਟੀ ਐਕਟ (ਪੀ ਐੱਸ ਏ) ਤਹਿਤ ਗ੍ਰਿਫਤਾਰ ਕੀਤਾ ਗਿਆ ਹੈ, ਕਿਉਂਕਿ ਉਸ ਦੀਆਂ ਸਰਗਰਮੀਆਂ ਅਮਨ ਲਈ ਖਤਰਾ ਸਨ। ਪੀ ਐੱਸ ਏ ਤਹਿਤ ਕਿਸੇ ਨੂੰ ਬਿਨਾਂ ਮੁਕੱਦਮਾ ਚਲਾਇਆਂ ਇਕ ਸਾਲ ਲਈ ਨਜ਼ਰਬੰਦ ਰੱਿਖਆ ਜਾ ਸਕਦਾ ਹੈ। ਤਹਿਰੀਕ-ਇ-ਹੁਰੀਅਤ ਗਿਲਾਨੀ ਤੇ ਮਸੱਰਤ ਆਲਮ ਨੇ ਸਤੰਬਰ 2003 ਵਿਚ ਬਣਾਈ ਸੀ ਤੇ ਦੋ ਕੁ ਸਾਲ ਪਹਿਲਾਂ ਸਹਿਰਾਈ ਇਸ ਦਾ ਚੇਅਰਮੈਨ ਬਣਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਦੀ ਗਿਲਾਨੀ ਨਾਲ ਅਣਬਣ ਸੀ। ਗਿਲਾਨੀ ਦੇ 26 ਪਾਰਟੀਆਂ ਦੀ ਆਲ ਪਾਰਟੀਜ਼ ਹੁਰੀਅਤ ਕਾਨਫਰੰਸ ਤੋਂ ਅਸਤੀਫੇ ਦੇ ਬਾਅਦ ਗਿਲਾਨੀ ਦੇ ਬੇਟੇ ਨਈਮ ਗਿਲਾਨੀ ਤੇ ਸਹਿਰਾਈ ਵਿਚਾਲੇ ਚੇਅਰਮੈਨੀ ਲਈ ਲੜਾਈ ਚੱਲ ਰਹੀ ਦੱਸੀ ਜਾਂਦੀ ਸੀ। ਸਹਿਰਾਈ ਜਮਾਤ-ਇ-ਇਸਲਾਮੀ ਵਿਚ ਵੀ ਰਹਿ ਚੁੱਕਿਆ ਹੈ।
ਗਿਲਾਨੀ ਵਾਲੀ ਹੁਰੀਅਤ ਕਾਨਫਰੰਸ ਗਰਮ ਖਿਆਲੀਆਂ ਦੀ ਮੰਨੀ ਜਾਂਦੀ ਹੈ, ਜਦਕਿ ਦੂਜੀ ਹੁਰੀਅਤ ਕਾਨਫਰੰਸ ਦਾ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਹੈ, ਜੋ ਕਿ ਜੰਮੂ-ਕਸ਼ਮੀਰ ਵਿਚ ਹਿੰਸਾ ਖਤਮ ਕਰਨ ਲਈ ਗੱਲਬਾਤ ਦੇ ਹੱਕ ਵਿਚ ਹੈ। ਸਹਿਰਾਈ ਦਾ ਬੇਟਾ ਜੁਨੈਦ ਸਹਿਰਾਈ ਹਿਜ਼ਬੁਲ ਮੁਜਾਹਦੀਨ ਦਾ ਡਵੀਜ਼ਨਲ ਕਮਾਂਡਰ ਹੁੰਦਾ ਸੀ ਤੇ ਇਸ ਸਾਲ ਮਈ ਵਿਚ ਨਵਾਕਦਲ ਇਲਾਕੇ ਵਿਚ ਮੁਕਾਬਲੇ 'ਚ ਮਾਰਿਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦਾ ਸਾਲ ਪੂਰਾ ਹੋਣ ਤੋਂ ਪਹਿਲਾਂ ਵੱਖਵਾਦੀਆਂ ਤੇ ਜਮਾਤ-ਇ-ਇਸਲਾਮੀ ਦੇ ਕਈ ਹੋਰ ਆਗੂਆਂ ਨੂੰ ਵੀ ਚੁੱਕਿਆ ਜਾ ਰਿਹਾ ਹੈ। ਪਿਛਲੇ ਸਾਲ 5 ਅਗਸਤ ਨੂੰ ਧਾਰਾ 370 ਖਤਮ ਕਰਨ ਤੋਂ ਪਹਿਲਾਂ ਵੀ ਬਹੁਤੇ ਵੱਡੇ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ।

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper