Latest News
ਪਾਇਲਟ ਦੇ ਰੁੱਸਣ ਨਾਲ ਗਹਿਲੋਤ ਦਾ ਜਹਾਜ਼ ਗਰਦਿਸ਼ 'ਚ

Published on 12 Jul, 2020 08:45 AM.


ਜੈਪੁਰ : ਰਾਜਸਥਾਨ ਦੀ ਕਾਂਗਰਸ ਸਰਕਾਰ 'ਤੇ ਖਤਰਾ ਵਧ ਗਿਆ, ਜਦੋਂ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਹਮਾਇਤੀ ਘੱਟੋ-ਘੱਟ 19 ਵਿਧਾਇਕ ਗੁਰੂਗਰਾਮ ਦੇ ਹੋਟਲਾਂ ਵਿਚ ਪੁੱਜ ਗਏ। ਇਨ੍ਹਾਂ ਵਿਚ 16 ਕਾਂਗਰਸੀ ਤੇ 3 ਆਜ਼ਾਦ ਵਿਧਾਇਕ ਹਨ। ਚਰਚਾ ਹੈ ਕਿ ਪਾਇਲਟ ਵੀ ਸਿੰਧੀਆ ਵਾਲੀ ਖੇਡ ਖੇਡਣਗੇ, ਜਿਨ੍ਹਾ ਆਪਣੇ ਵਿਧਾਇਕਾਂ ਸਣੇ ਭਾਜਪਾ ਵਿਚ ਸ਼ਾਮਲ ਹੋ ਕੇ ਮੱਧ ਪ੍ਰਦੇਸ਼ ਵਿਚ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਭੋਗ ਪੁਆ ਦਿੱਤਾ ਸੀ। ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਦੇ ਇਸ ਟਵੀਟ ਨੇ ਵੀ ਕਾਂਗਰਸ ਦੀ ਸਥਿਤੀ 'ਤੇ ਰੌਸ਼ਨੀ ਪਾਈ ਹੈ ਕਿ ਪਾਰਟੀ ਲਈ ਚਿੰਤਾ ਦੀ ਘੜੀ ਹੈ। ਕੀ ਅਸੀਂ ਉਦੋਂ ਹੀ ਜਾਗਾਂਗੇ, ਜਦੋਂ ਘੋੜੇ ਅਸਤਬਲ ਤੋਂ ਭੱਜ ਜਾਣਗੇ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਐਤਵਾਰ ਸੱਦੀ ਮੀਟਿੰਗ ਵਿਚ ਇਹ ਵਿਧਾਇਕ ਨਦਾਰਦ ਰਹੇ। ਦਰਅਸਲ ਸੂਬਾ ਪੁਲਸ ਦੇ ਐਂਟੀ ਟੈਰਰ ਸਕੁਐਡ (ਏ ਟੀ ਐੱਸ) ਦੇ ਸਪੈਸ਼ਲ ਅਪ੍ਰੇਸ਼ਨਜ਼ ਗਰੁੱਪ (ਐੱਸ ਓ ਜੀ) ਵੱਲੋਂ ਵਿਧਾਇਕਾਂ ਦੀ ਖਰੀਦੋ-ਫਰੋਖਤ ਨੂੰ ਲੈ ਕੇ ਇਕ ਸ਼ਿਕਾਇਤ ਦੇ ਸੰਬੰਧ ਵਿਚ ਪੁੱਛਗਿੱਛ ਲਈ ਪਾਇਲਟ ਦੇ ਘਰ ਨੋਟਿਸ ਘੱਲਣ ਤੋਂ ਬਾਅਦ ਇਹ ਹਲਚਲ ਹੋਈ ਹੈ।
ਪਾਇਲਟ ਦੀ ਗਹਿਲੋਤ ਨਾਲ ਬਣਦੀ ਨਹੀਂ, ਇਹ ਸਭ ਜਾਣਦੇ ਹਨ। ਪਾਇਲਟ ਦੇ ਕਰੀਬੀ ਆਗੂ ਨੇ ਦੱਸਿਆ ਕਿ ਨੋਟਿਸ ਘੱਲਣਾ ਪਾਇਲਟ ਨੂੰ ਜ਼ਲੀਲ ਕਰਨ ਦੀ ਇਕ ਹੋਰ ਕੋਸ਼ਿਸ਼ ਹੈ।
ਦੂਜੇ ਪਾਸੇ, ਗਹਿਲੋਤ ਦਾ ਕਹਿਣਾ ਹੈ ਕਿ ਨੋਟਿਸ ਸਿਰਫ ਪਾਇਲਟ ਨੂੰ ਹੀ ਨਹੀਂ ਘੱਲਿਆ ਗਿਆ, ਉਨ੍ਹਾ (ਗਹਿਲੋਤ) ਨੂੰ ਵੀ ਘੱਲਿਆ ਗਿਆ ਹੈ। ਚੀਫ ਵਿੱ੍ਹਪ ਅਤੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਘੱਲਿਆ ਗਿਆ ਹੈ ਕਿ ਉਹ ਕਾਂਗਰਸ ਦੀ ਇਸ ਸ਼ਿਕਾਇਤ 'ਤੇ ਬਿਆਨ ਦਰਜ ਕਰਾਉਣ ਕਿ ਭਾਜਪਾ ਵਾਲੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਗਹਿਲੋਤ ਦਾ ਕਹਿਣਾ ਹੈ ਕਿ ਕੁਝ ਮੀਡੀਆ ਵਾਲੇ ਇਸ ਨੂੰ ਵੱਖਰੇ ਢੰਗ ਨਾਲ ਪੇਸ਼ ਕਰ ਰਹੇ ਹਨ, ਜੋ ਵਾਜਬ ਨਹੀਂ। ਨੋਟਿਸ ਵਿਚ ਕਿਹਾ ਗਿਆ ਹੈ ਕਿ ਆਗੂ ਐੱਸ ਓ ਜੀ ਕੋਲ ਬਿਆਨ ਦਰਜ ਕਰਾਉਣ ਲਈ ਢੁਕਵੀਂ ਤਰੀਕ ਤੇ ਸਮਾਂ ਦੱਸਣ।
ਐੱਸ ਓ ਜੀ ਨੇ ਸ਼ਨੀਵਾਰ ਭਾਜਪਾ ਮੈਂਬਰਾਂ ਭਾਰਤ ਮਲਾਨੀ ਤੇ ਅਸ਼ੋਕ ਸਿੰਘ ਨੂੰ 20-25 ਕਰੋੜ ਪ੍ਰਤੀ ਵਿਧਾਇਕ ਦੇ ਹਿਸਾਬ ਨਾਲ ਕੁਝ ਵਿਧਾਇਕਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਸੰਬੰਧ ਵਿਚ ਗ੍ਰਿਫਤਾਰ ਕੀਤਾ ਸੀ। ਦੋਹਾਂ ਦੇ ਖਿਲਾਫ ਸ਼ੁੱਕਰਵਾਰ ਦੇਸ਼ਧ੍ਰੋਹ ਤੇ ਮੁਜਰਮਾਨਾ ਸਾਜ਼ਿਸ਼ ਦੀਆਂ ਧਾਰਾਵਾਂ ਵਿਚ ਐੱਫ ਆਈ ਆਰ ਦਰਜ ਕੀਤੀ ਗਈ ਸੀ। ਐੱਫ ਆਈ ਆਰ ਮੁਤਾਬਕ ਇਨ੍ਹਾਂ ਦੋਹਾਂ ਨੂੰ ਉਨ੍ਹਾਂ ਵਿਚਾਲੇ ਫੋਨ 'ਤੇ ਹੋਈ ਗੱਲਬਾਤ ਦੇ ਆਧਾਰ 'ਤੇ ਫੜਿਆ ਗਿਆ।
200 ਮੈਂਬਰੀ ਅਸੰਬਲੀ ਵਿਚ ਕਾਂਗਰਸ ਦੇ 107 ਵਿਧਾਇਕ ਹਨ ਤੇ 18 ਹੋਰ ਉਸ ਦੀ ਹਮਾਇਤ ਕਰ ਰਹੇ ਹਨ। ਭਾਜਪਾ ਦੇ 72 ਵਿਧਾਇਕ ਹਨ। ਗਹਿਲੋਤ ਨੇ ਸ਼ਨੀਵਾਰ ਦੋਸ਼ ਲਾਇਆ ਸੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਭਾਜਪਾ ਵਿਧਾਇਕਾਂ ਨੂੰ ਭੇਡਾਂ-ਬੱਕਰੀਆਂ ਵਾਂਗ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜਸਥਾਨ ਭਾਜਪਾ ਦੇ ਪ੍ਰਧਾਨ ਸਤੀਸ਼ ਪੂਨੀਆ ਨੇ ਇਸ ਦੇ ਜਵਾਬ ਵਿਚ ਕਿਹਾ ਸੀ ਕਿ ਗਹਿਲੋਤ ਕਾਂਗਰਸ ਦੀ ਆਪਸੀ ਲੜਾਈ ਲੁਕੋਣ ਦਾ ਜਤਨ ਕਰ ਰਹੇ ਹਨ।

366 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper