Latest News
ਬੇਰੂਤ ਧਮਾਕਿਆਂ ਨੇ ਹੀਰੋਸ਼ੀਮਾ-ਨਾਗਾਸਾਕੀ ਚੇਤੇ ਕਰਾ ਦਿੱਤੇ

Published on 05 Aug, 2020 10:27 AM.


ਬੇਰੂਤ : ਗੋਦਾਮ ਵਿਚ ਮੰਗਲਵਾਰ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਹੋਏ ਇਕ ਹੋਰ ਧਮਾਕੇ ਵਿਚ ਘੱਟੋ-ਘੱਟ 100 ਵਿਅਕਤੀਆਂ ਦੇ ਮਰਨ ਤੇ ਕਰੀਬ 4 ਹਜ਼ਾਰ ਦੇ ਜ਼ਖਮੀ ਹੋਣ ਦੀਆਂ ਖਬਰਾਂ ਹਨ। ਦੋਨੋਂ ਧਮਾਕੇ ਕੁਝ ਮਿੰਟਾਂ ਦੇ ਫਰਕ ਨਾਲ ਹੋਏ। ਰੈੱਡ ਕਰਾਸ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਤਿੰਨ ਲੱਖ ਲੋਕ ਬੇਘਰ ਹੋ ਗਏ ਹਨ। ਰਾਸ਼ਟਰਪਤੀ ਮਾਇਕਲ ਔਨ ਨੇ ਕਿਹਾ ਕਿ ਖਾਦ ਤੇ ਬੰਬ ਬਣਾਉਣ ਵਿਚ ਵਰਤਿਆ ਜਾਂਦਾ 2750 ਟਨ ਅਮੋਨੀਅਮ ਨਾਈਟਰੇਟ ਬਿਨਾਂ ਸੁਰੱਖਿਆ ਤੋਂ ਛੇ ਸਾਲ ਤੋਂ ਗੋਦਾਮ ਵਿਚ ਰੱਖਿਆ ਹੋਇਆ ਸੀ। ਲੋਕਾਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਦੀ ਕੁਰੱਪਸ਼ਨ ਨੇ ਦੇਸ਼ ਨੂੰ ਮਾਲੀ ਸੰਕਟ ਵਿਚ ਪਾ ਦਿੱਤਾ ਹੈ। ਅੱਧੇ ਬੇਰੂਤ ਵਿਚ ਤਿੰਨ ਅਰਬ ਡਾਲਰ ਦਾ ਨੁਕਸਾਨ ਹੋ ਗਿਆ ਹੈ। ਧਮਾਕੇ ਨਾਲ ਲਾਸ਼ਾਂ ਸਮੁੰਦਰ ਵਿਚ ਜਾ ਕੇ ਡਿੱਗੀਆਂ। ਕੇਂਦਰੀ ਬੇਰੂਤ ਦੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ। ਕੱਚ ਤੇ ਮਲਬਾ ਸੜਕਾਂ 'ਤੇ ਬਿਖਰ ਗਿਆ। ਸਰਕਾਰ ਨੇ ਧਮਾਕੇ ਦਾ ਕਾਰਨ ਨਹੀਂ ਦੱਸਿਆ, ਪਰ ਮੀਡੀਆ ਰਿਪੋਰਟਾਂ ਹਨ ਕਿ ਗੋਦਾਮ ਵਿਚ ਵੈਲਡਿੰਗ ਦਾ ਕੰਮ ਹੋਣ ਵੇਲੇ ਰਸਾਇਣ ਨੂੰ ਅੱਗ ਫੜ ਗਈ। ਲਿਬਨਾਨੀ ਜਨਰਲ ਸਕਿਓਰਿਟੀ ਸਰਵਿਸ ਦੇ ਮੁਖੀ ਮੇਜਰ ਜਨਰਲ ਅੱਬਾਸ ਇਬਰਾਹੀਮ ਨੇ ਦੱਸਿਆ ਕਿ ਵਿਸਫੋਟਕ ਮਟੀਰੀਅਲ ਅਧਿਕਾਰੀਆਂ ਨੇ ਕੁਝ ਸਾਲ ਪਹਿਲਾਂ ਜ਼ਬਤ ਕੀਤਾ ਸੀ ਤੇ ਗੋਦਾਮ ਵਿਚ ਰੱਖਿਆ ਹੋਇਆ ਸੀ। ਧਮਾਕੇ ਦੀ ਗੂੰਜ ਬੇਰੂਤ ਤੋਂ 160 ਕਿਲੋਮੀਟਰ ਸਮੁੰਦਰ ਪਾਰ ਸਾਈਪ੍ਰਸ ਦੇਸ਼ ਵਿਚ ਵੀ ਸੁਣੀ ਗਈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਧਮਾਕਾ ਹੀਰੋਸ਼ੀਮਾ ਵਿਚ ਹੋਏ ਐਟਮ ਬੰਬ ਧਮਾਕੇ ਵਰਗਾ 20 ਪ੍ਰਤੀਸ਼ਤ ਸ਼ਿੱਦਤ ਵਾਲਾ ਸੀ। ਗਵਰਨਰ ਨੇ ਵੀ ਧਮਾਕੇ ਦੀ ਤੁਲਨਾ ਹੀਰੋਸ਼ੀਮਾ-ਨਾਗਾਸਾਕੀ ਬੰਬ ਧਮਾਕੇ ਨਾਲ ਕੀਤੀ ਹੈ।

403 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper