ਚੰਡੀਗੜ੍ਹ : ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਅੰਦੋਲਨ ਦੀ ਕਮਾਨ ਅੱਜ ਨਾਰੀ ਦਿਵਸ 'ਤੇ ਬੀਬੀਆਂ ਦੇ ਹੱਥ ਹੋਵੇਗੀ | ਉਹ ਹੀ ਸਟੇਜ ਤੋਂ ਤਕਰੀਰਾਂ ਕਰਨਗੀਆਂ |
ਕਿਸਾਨੀ ਅੰਦੋਲਨ ਨੂੰ 100 ਦਿਨ ਦਾ ਲੰਮਾ ਵਕਫਾ ਪੂਰਾ ਹੋ ਗਿਆ ਹੈ | ਸਰਕਾਰ ਦੇ ਵਤੀਰੇ ਤੋਂ ਸੰਘਰਸ਼ ਲੰਮਾ ਚੱਲਣ ਦੇ ਆਸਾਰ ਹਨ | ਲੰਮੇਰੇ ਪੰਧਾਂ ਦੇ ਔਖੇ ਰਸਤਿਆਂ ਨੂੰ ਸਫਲਤਾ ਨਾਲ ਪਾਰ ਕਰਨ ਲਈ ਔਰਤਾਂ ਨੇ ਕਮਰ ਕੱਸ ਲਈ ਹੈ | ਇਸ ਦੀ ਮਿਸਾਲ ਪੰਜਾਬ ਵਿਚੋਂ ਦਿੱਲੀ ਵੱਲ ਜਾ ਰਹੇ ਜਥਿਆਂ ਵਿਚ ਔਰਤਾਂ ਦੀ ਸ਼ਮੂਲੀਅਤ ਤੋਂ ਮਿਲ ਜਾਂਦੀ ਹੈ | ਬਹੁਤੀਆਂ ਇਹ ਵੀ ਸੰਕਲਪ ਲੈ ਕੇ ਗਈਆਂ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਵਾਢੀ ਸਮੇਂ ਉਹ ਮੋਰਚਿਆਂ ਵਿੱਚ ਵੀ ਪੱਕੇ ਡੇਰੇ ਲਾਉਣਗੀਆਂ | 8 ਮਾਰਚ ਦੇ 'ਕੌਮਾਂਤਰੀ ਨਾਰੀ ਦਿਵਸ' ਮੌਕੇ ਦਿੱਲੀ ਤੋਂ ਇਲਾਵਾ ਪੰਜਾਬ 'ਚ ਵੀ 32 ਕਿਸਾਨ ਜਥੇਬੰਦੀਆਂ ਵੱਲੋਂ 68 ਥਾਵਾਂ (ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ-ਮਾਲਜ਼ ਅਤੇ ਰੇਲਵੇ ਪਾਰਕ) 'ਤੇ ਵੀ ਕਿਸਾਨ ਔਰਤਾਂ ਦੀ ਵੱਡੀ ਸ਼ਮੂਲੀਅਤ ਵੇਖਣ ਨੂੰ ਮਿਲੇਗੀ |
ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਪਹਿਲਾਂ ਵੀ ਹੋਏ ਇਕੱਠਾਂ ਨੇ ਸਾਬਤ ਕਰ ਦਿੱਤਾ ਕਿ ਔਰਤਾਂ ਕਿਸੇ ਵੀ ਤਰ੍ਹਾਂ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਲ ਹੁੰਦੀਆਂ ਹਨ | ਉਹ ਆਪਣੀ ਜਗ੍ਹਾ ਹਾਸਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਜਵਾਬ ਦੇਣ ਦੇ ਸਮਰੱਥ ਵੀ | ਇਨ੍ਹਾਂ ਵੱਡੀਆਂ ਸਟੇਜਾਂ ਤੋਂ ਔਰਤਾਂ ਦੇ ਬੋਲਣ ਅਤੇ ਉਨ੍ਹਾਂ ਨੂੰ ਸੁਣਨ ਦੀ ਰਵਾਇਤ ਭਵਿੱਖ ਵਿਚ ਅੰਦੋਲਨਾਂ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਆਧਾਰ ਬਣੇਗੀ |
ਔਰਤਾਂ ਨੇ ਆਪਣੇ ਨਾਲ ਹੋਣ ਵਾਲੇ ਸਮਾਜਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫੀ ਖਿਲਾਫ਼ ਲੜਨ ਦੀ ਦਿ੍ੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ | 8 ਮਾਰਚ ਸਮੁੱਚੇ ਮੁਲਕ ਅੰਦਰ ਪਹਿਲੀ ਵਾਰ ਨਿਵੇਕਲੇ ਜੋਸ਼ ਨਾਲ ਮਨਾਇਆ ਜਾਵੇਗਾ, ਜਦ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਔਰਤਾਂ ਦੇ ਸੰਗਰਾਮੀ ਕਾਫਲੇ ਆਪਣੀ ਹੋਂਦ ਬਚਾਉਣ ਲਈ ਚੱਲ ਰਹੇ ਅੰਦੋਲਨ 'ਚ ਹਰ ਪੜਾਅ ਵਿੱਚ ਸ਼ਾਮਲ ਹੋਣਗੇ |
ਬਰਨਾਲਾ ਜ਼ਿਲ੍ਹੇ ਵਿੱਚੋਂ ਔਰਤਾਂ ਦੇ ਵੱਡੇ ਕਾਫਲੇ ਦਿੱਲੀ ਲਈ ਰਵਾਨਾ ਹੋਏ | ਬਰਨਾਲਾ ਤੋਂ 11 ਬੱਸਾਂ ਵਿੱਚ ਸਵਾਰ ਹੋ ਕੇ ਸੈਂਕੜੇ ਔਰਤਾਂ ਦਿੱਲੀ ਲਈ ਰਵਾਨਾ ਹੋਈਆਂ | ਦਿੱਲੀ ਜਾਣ ਵਾਲੀਆਂ ਔਰਤਾਂ ਨੇ ਕਿਹਾ ਕਿ ਉਹ ਔਰਤ ਦਿਵਸ 'ਤੇ ਦਿੱਲੀ ਜਾ ਰਹੀਆਂ ਹਨ | ਲੱਖਾਂ ਔਰਤਾਂ ਦਾ ਇਕੱਠ ਦੇਖ ਕੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਵੱਧ ਔਰਤਾਂ ਦੇ ਹੌਸਲੇ ਬੁਲੰਦ ਹਨ | ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੀਆਂ |
ਟਿੱਕਰੀ ਬਾਰਡਰ 'ਤੇ 8 ਮਾਰਚ ਨੂੰ ਮਨਾਏ ਜਾ ਰਹੇ ਕੌਮਾਂਤਰੀ ਔਰਤ ਦਿਹਾੜੇ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਮਜ਼ਦੂਰ ਔਰਤਾਂ ਸ਼ਾਮਲ ਹੋਣਗੀਆਂ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਟਿੱਕਰੀ ਬਾਰਡਰ 'ਤੇ ਔਰਤਾਂ ਦੇ ਹੋ ਰਹੇ ਵਿਸ਼ਾਲ ਇਕੱਠ ਨੂੰ ਮੁੱਖ ਰੱਖਦਿਆਂ 8 ਮਾਰਚ ਦੇ ਇਸ ਪ੍ਰੋਗਰਾਮ ਲਈ ਵਿਸ਼ਾਲ ਤੇ ਵੱਖਰਾ ਪੰਡਾਲ ਲਾਇਆ ਗਿਆ ਹੈ | ਉਹਨਾਂ ਦੱਸਿਆ ਕਿ ਇਹ ਦਿਹਾੜਾ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਮੋਰਚੇ ਉੱਤੇ ਔਰਤਾਂ ਦੀ ਮੁਕਤੀ ਲਈ ਜੱਦੋ-ਜਹਿਦ ਨੂੰ ਤੇਜ਼ ਕਰਨ ਦਾ ਸੰਦੇਸ਼ ਦੇਵੇਗਾ | ਉਹਨਾ ਆਖਿਆ ਕਿ ਔਰਤਾਂ ਨੂੰ ਹਕੂਮਤੀ ਨੀਤੀਆਂ ਦੀ ਮਾਰ ਹੰਢਾਉਣ ਦੇ ਨਾਲ-ਨਾਲ ਮਰਦ ਪ੍ਰਧਾਨ ਸਮਾਜ ਅੰਦਰ ਪਿਤਰ-ਸੱਤਾ ਦਾ ਸੰਤਾਪ ਵੀ ਹੰਢਾਉਣਾ ਪੈ ਰਿਹਾ ਹੈ | ਇਸ ਪ੍ਰੋਗਰਾਮ ਦੌਰਾਨ ਔਰਤ-ਮਰਦ ਦੀ ਬਰਾਬਰੀ ਦੇ ਮਹੱਤਵ ਅਤੇ ਮੌਜੂਦਾ ਅੰਦੋਲਨ ਸਮੇਤ ਖੇਤੀ ਸੰਕਟ ਦੇ ਹੱਲ ਲਈ ਸੰਘਰਸ਼ ਵਿੱਚ ਔਰਤਾਂ ਦੇ ਯੋਗਦਾਨ ਦੇ ਮਹੱਤਵ ਨੂੰ ਉਘਾੜਿਆ ਜਾਵੇਗਾ | ਇਹ ਪ੍ਰੋਗਰਾਮ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਮੋਦੀ ਸਰਕਾਰ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਬਲ ਬਖਸ਼ੇਗਾ ਅਤੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ | ਇਸ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਟਿਕਰੀ ਬਾਰਡਰ ਨੇੜੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਦਿਵਸ ਦੇ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ , ਮੱਧ ਪ੍ਰਦੇਸ ਤੇ ਹੋਰ ਕਈ ਰਾਜਾਂ ਵਿੱਚੋਂ ਪਹੁੰਚ ਰਹੇ ਔਰਤਾਂ ਦੇ ਵੱਡੇ ਕਾਫਲਿਆਂ ਲਈ ਰਹਿਣ ਅਤੇ ਲੰਗਰ ਆਦਿ ਦੇ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਜਥੇਬੰਦੀ ਦੀ ਮਹਿਲਾ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਔਰਤ ਦਿਵਸ ਮੌਕੇ ਸਟੇਜ, ਸੰਚਾਲਨ ਕਮੇਟੀ ਤੇ ਵਲੰਟੀਅਰ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਦੀ ਕਮਾਂਡ ਔਰਤਾਂ ਦੇ ਹੀ ਹੱਥ ਹੋਵੇਗੀ | ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਰਹੀਆਂ ਕਿਸਾਨ-ਮਜ਼ਦੂਰ ਔਰਤਾਂ ਲੰਮੇ ਸਮੇਂ ਤੋਂ ਖੇਤੀ ਕਿੱਤੇ 'ਤੇ ਹਕੂਮਤਾਂ ਵੱਲੋਂ ਬੋਲੇ ਹੱਲੇ ਖਿਲਾਫ ਚਲਦੇ ਆ ਰਹੇ ਸੰਘਰਸ਼ਾਂ 'ਚ ਅਹਿਮ ਭੂਮਿਕਾ ਅਦਾ ਕਰਦੀਆਂ ਆ ਰਹੀਆਂ ਹਨ |