Latest News
ਅਕਾਲੀ ਦਲ ਤੇ ਕਾਂਗਰਸ ਦੋਵੇਂ ਹੀ ਲੋਕ-ਵਿਰੋਧੀ : ਮਾੜੀਮੇਘਾ

Published on 13 Jun, 2021 09:41 AM.


ਭਿੱਖੀਵਿੰਡ : ਘੁਰਕਵਿੰਡ ਵਿਖੇ ਸੀ ਪੀ ਆਈ ਦੇ ਬ੍ਰਾਂਚ ਸਕੱਤਰ ਰਛਪਾਲ ਸਿੰਘ ਘੁਰਕਵਿੰਡ ਦੀ ਪ੍ਰਧਾਨਗੀ ਹੇਠ ਮਜ਼ਦੂਰ, ਕਿਸਾਨ ਅਤੇ ਔਰਤਾਂ ਦੀ ਸਰਬ-ਸਾਂਝੀ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ, ਪਰ ਮੋਦੀ ਨੇ ਦੜ ਵੱਟੀ ਹੋਈ ਹੈ | ਉਨ੍ਹਾ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਸਮਝਦੀ ਹੈ ਕਿ ਅਸੀਂ ਜਿੱਤੀਆਂ ਪਈਆਂ ਹਨ ਅਤੇ ਬਾਦਲ ਅਕਾਲੀ ਦਲ ਵੀ ਆਪਣੇ ਰੱਸੇ-ਪੈੜੇ ਵੱਟ ਰਿਹਾ ਹੈ, ਪਰ ਇਨ੍ਹਾਂ ਦੋਹਾਂ ਦਾ ਕਿਰਦਾਰ ਲੋਕ ਵੇਖ ਚੁੱਕੇ ਹਨ | ਜਦੋਂ ਪਿਛੋਕੜ 'ਤੇ ਝਾਤੀ ਮਾਰੀਏ ਤਾਂ ਅਕਾਲੀ ਪਾਰਟੀ ਨੇ ਭਾਜਪਾ ਨਾਲ ਰਲ ਕੇ ਸੱਤ ਸਾਲਾਂ 'ਚ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਵੇਚਣ ਦਾ ਕੰਮ ਕੀਤਾ ਅਤੇ ਵੇਚਣ ਦਾ ਹਿੱਸਾ ਮੋਦੀ ਤੋਂ ਅਰਬਾਂ-ਖ਼ਰਬਾਂ ਲਿਆ | ਲੋਕ ਇਸ ਦੇ ਕਦੀ ਵੀ ਲਾਗੇ ਨਹੀਂ ਜਾਣਗੇ | ਦਸ ਸਾਲਾਂ ਦੇ ਰਾਜ ਵਿੱਚ ਜਿੰਨਾ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਸੀ, ਓਨਾ ਸ਼ਾਇਦ ਕਿਸੇ ਵੀ ਨਹੀਂ ਕੀਤਾ | ਰੇਤ ਮਾਫੀਆ, ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ ਇਹ ਸਭ ਮਾਫ਼ੀਏ ਅਕਾਲੀ-ਭਾਜਪਾ ਦੀ ਸਰਕਾਰ ਚਲਾਉਂਦੀ ਸੀ |
ਆਪਣੀ ਟਰਾਂਸਪੋਰਟ ਨੂੰ ਫਾਇਦਾ ਦੇਣ ਵਾਸਤੇ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਦਾ ਸੱਤਿਆਨਾਸ ਕਰ ਦਿੱਤਾ ਤੇ ਅੱਜ ਉਹ ਬੰਦ ਹੋਣ ਦੇ ਕਿਨਾਰੇ 'ਤੇ ਹਨ | ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਅਤੇ ਕੁਰੱਪਸ਼ਨ ਵੀ ਹੱਦੋਂ ਵੱਧ ਕੀਤੀ, ਇਹ ਸੀ ਅਕਾਲੀ-ਭਾਜਪਾ ਸਰਕਾਰ ਦਾ ਕਿਰਦਾਰ | ਅੱਜ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ, ਅਕਾਲੀ ਪਾਰਟੀ ਨੇ ਜਦੋਂ ਕਿਸਾਨ ਵਿਰੋਧੀ ਇਹ ਤਿੰਨੇ ਕਾਨੂੰਨ ਬਣੇ ਤਾਂ ਮੋਦੀ ਦੀ ਹਮਾਇਤ ਕੀਤੀ ਤੇ ਮੁੜ ਕੇ ਲੋਕਾਂ ਦਾ ਵਿਦਰੋਹ ਵੇਖ ਕੇ ਇਹ ਪ੍ਰਪੰਚ ਰਚਿਆ ਕਿ ਸੈਂਟਰ 'ਚੋਂ ਅਸਤੀਫ਼ਾ ਦੇ ਦਿੱਤਾ | ਪੰਜਾਬ ਦੇ ਲੋਕ ਜਾਂ ਕਿਸਾਨ ਭੁੱਲੇ ਨਹੀਂ ਕਿ ਬਾਦਲ ਅਕਾਲੀ ਦਲ ਮੂਲੋਂ ਕਿਸਾਨ ਵਿਰੋਧੀ ਹੈ | ਮਹਿੰਗਾਈ ਦੇ ਵਿਰੋਧ ਦੇ ਵਿੱਚ ਅਕਾਲੀ ਪਾਰਟੀ ਚੁੱਪ ਧਾਰ ਕੇ ਬੈਠੀ ਹੋਈ ਹੈ, ਕੋਈ ਵੀ ਧਰਨਾ, ਮੁਜ਼ਾਹਰਾ ਜਾਂ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਗਿਆ | ਇਹੋ ਹਾਲ ਕਾਂਗਰਸ ਪਾਰਟੀ ਦਾ ਹੈ | ਕੈਪਟਨ ਉਸ ਤਰ੍ਹਾਂ ਇਹ ਬਿਆਨ ਦਿੰਦਾ ਹੈ ਕਿ ਮੈਂ ਮੋਦੀ ਵਿਰੋਧੀ ਹਾਂ, ਪਰ ਅਜੋਕੇ ਮਹਿੰਗਾਈ ਦੇ ਦੌਰ ਵਿਚ ਕੈਪਟਨ ਪੈਟਰੋਲ, ਡੀਜ਼ਲ ਤੋਂ ਟੈਕਸ ਘਟਾ ਕੇ ਲੋਕਾਂ ਨੂੰ ਸਸਤਾ ਸਪਲਾਈ ਕਰ ਸਕਦਾ ਸੀ | ਕੇਰਲਾ ਦੀ ਤਰ੍ਹਾਂ ਸਸਤੇ ਰੇਟ ਵਾਲੀਆਂ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਸਪਲਾਈ ਕੀਤੀਆਂ ਜਾ ਸਕਦੀਆਂ ਸਨ | ਸੀ ਪੀ ਆਈ ਕਿਸਾਨ ਸੰਘਰਸ਼ ਦੀ ਪੁਰਜੋਰ ਹਮਾਇਤ ਕਰਦੀ ਹੈ | ਜਿਹੜੀਆਂ ਕਿਸਾਨ ਜਥੇਬੰਦੀਆਂ ਝੋਨੇ ਦੇ ਰੇਟ ਨੂੰ ਲੈ ਕੇ 17 ਜੂਨ ਨੂੰ ਤਰਨ ਤਾਰਨ ਜ਼ਿਲ੍ਹੇ ਵਿੱਚ ਤਹਿਸੀਲ ਕੇਂਦਰਾਂ 'ਤੇ ਕੇਂਦਰ ਸਰਕਾਰ ਦੇ ਖੇਤੀ ਮੰਤਰੀ ਤੋਮਰ ਦੇ ਪੁਤਲੇ ਫੂਕਣ ਜਾ ਰਹੀਆਂ ਹਨ, ਉਨ੍ਹਾਂ ਦੀ ਹਮਾਇਤ ਕਰਦੀ ਹੈ | ਮੀਟਿੰਗ ਨੂੰ ਸੀ ਪੀ ਆਈ ਦੇ ਬਲਾਕ ਸਕੱਤਰ ਪਵਨ ਕੁਮਾਰ ਭਿੱਖੀਵਿੰਡ, ਪੰਜਾਬ ਇਸਤਰੀ ਸਭਾ ਦੀ ਸੂਬਾਈ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਜੈਮਲ ਸਿੰਘ ਬਾਠ, ਰਛਪਾਲ ਸਿੰਘ ਬਾਠ, ਨਰਿੰਦਰ ਸਿੰਘ ਅਲਗੋਂ, ਮੰਜੂ ਬਾਲਾ ਅਤੇ ਅਮੋਲਕ ਸਿੰਘ ਸਾਬਕਾ ਸਰਪੰਚ ਬਾਠ ਨੇ ਵੀ ਸੰਬੋਧਨ ਕੀਤਾ |

196 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper