Latest News
ਪੈਟਰੋਲ-ਡੀਜ਼ਲ ਦੇ ਰੇਟ ਮੀਟਰ ਨੂੰ ਪੁੱਠਾ ਗੇੜਾ ਦਿਵਾਉਣ ਲਈ ਰੋਸ ਪੰਦਰਵਾੜਾ

Published on 13 Jun, 2021 09:44 AM.


ਨਵੀਂ ਦਿੱਲੀ : ਖੱਬੀਆਂ ਪਾਰਟੀਆਂ ਨੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਵਾਪਸ ਕਰਾਉਣ ਤੇ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ 'ਤੇ ਕਾਬੂ ਪੁਆਉਣ ਲਈ 16 ਜੂਨ ਤੋਂ 30 ਜੂਨ ਤੱਕ 15 ਦਿਨ ਪ੍ਰੋਟੈੱਸਟ ਕਰਨ ਦਾ ਐਲਾਨ ਕੀਤਾ ਹੈ | ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਆਲ ਇੰਡੀਆ ਫਾਰਵਰਡ ਬਲਾਕ ਦੇ ਜਨਰਲ ਸਕੱਤਰ ਦੇਬਬ੍ਰਤ ਬਿਸਵਾਸ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਜਨਰਲ ਸਕੱਤਰ ਮਨੋਜ ਭੱਟਾਚਾਰੀਆ ਤੇ ਸੀ ਪੀ ਆਈ (ਐੱਮ ਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 2 ਮਈ ਨੂੰ ਅਸੰਬਲੀ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਲੈ ਕੇ ਹੁਣ ਤੱਕ 21 ਵਾਰ ਵਧਾਈਆਂ ਗਈਆਂ ਹਨ | ਇਸ ਨਾਲ ਥੋਕ ਕੀਮਤ ਸੂਚਕ ਅੰਕ 11 ਸਾਲ ਦੇ ਉਚਤਮ ਪੱਧਰ ਤੱਕ ਵਧ ਗਿਆ ਹੈ | ਖੁਰਾਕੀ ਵਸਤਾਂ ਦੀਆਂ ਕੀਮਤਾਂ ਅਪ੍ਰੈਲ ਵਿਚ ਕਰੀਬ 5 ਫੀਸਦੀ ਵਧ ਗਈਆਂ ਸਨ | ਬੁਨਿਆਦੀ ਚੀਜ਼ਾਂ ਦੀਆਂ ਕੀਮਤਾਂ 10.16 ਫੀਸਦੀ ਅਤੇ ਮੈਨੂੰਫੈਕਚਰਡ ਚੀਜ਼ਾਂ ਦੀਆਂ ਕੀਮਤਾਂ 9.01 ਫੀਸਦੀ ਵਧ ਗਈਆਂ ਹਨ | ਜਦੋਂ ਇਹ ਪ੍ਰਚੂਨ ਮਾਰਕਿਟ ਵਿਚ ਪੁੱਜਦੀਆਂ ਹਨ ਤਾਂ ਹੋਰ ਮਹਿੰਗੀਆਂ ਮਿਲਦੀਆਂ ਹਨ | ਖੱਬੀਆਂ ਪਾਰਟੀਆਂ ਨੇ ਕਿਹਾ ਹੈ ਕਿ ਅਰਥਚਾਰਾ ਡੂੰਘੇ ਸੰਕਟ ਵੱਲ ਵਧ ਰਿਹਾ ਹੈ | ਸਰਕਾਰ ਦੀ ਸਰਪ੍ਰਸਤੀ ਹੇਠ ਕਾਲਾਬਾਜ਼ਾਰੀ ਤੇ ਜ਼ਖੀਰੇਬਾਜ਼ੀ ਹੋ ਰਹੀ ਹੈ | ਮੋਦੀ ਸਰਕਾਰ ਨੂੰ ਚੀਜ਼ਾਂ, ਖਾਸਕਰ ਜ਼ਰੂਰੀ ਦਵਾਈਆਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਰੜੇ ਕਦਮ ਚੁੱਕਣੇ ਚਾਹੀਦੇ ਹਨ | ਪ੍ਰਧਾਨ ਮੰਤਰੀ ਵੱਲੋਂ ਪੀ ਐੱਮ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਪੰਜ ਕਿਲੋ ਅਨਾਜ ਦੀਵਾਲੀ ਤੱਕ ਦੇਣ ਦਾ ਐਲਾਨ ਨਾਕਾਫੀ ਹੈ | ਇਸ ਦੀ ਥਾਂ ਹਰੇਕ ਵਿਅਕਤੀ ਨੂੰ 10 ਕਿਲੋ ਅਨਾਜ ਪ੍ਰਤੀ ਮਹੀਨਾ ਦਿੱਤਾ ਜਾਵੇ | ਇਸ ਤੋਂ ਇਲਾਵਾ ਦਾਲਾਂ, ਖਾਣ ਵਾਲੇ ਤੇਲ, ਖੰਡ, ਮਸਾਲੇ ਤੇ ਚਾਹ-ਪੱਤੀ ਆਦਿ ਦੀ ਫੂਡ ਕਿੱਟ ਦਿੱਤੀ ਜਾਵੇ | ਆਗੂਆਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਪਰਵਾਰ ਇਨਕਮ ਟੈਕਸ ਭਰਨ ਵਾਲੀ ਸ਼੍ਰੇਣੀ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਫੌਰੀ ਤੌਰ 'ਤੇ ਛੇ ਮਹੀਨਿਆਂ ਲਈ 7500 ਰੁਪਏ ਪ੍ਰਤੀ ਮਹੀਨਾ ਨਕਦ ਦਿੱਤੇ ਜਾਣ |

238 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper