Latest News
ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਬੀ ਐੱਸ ਐੱਫ ਨੂੰ ਵੱਧ ਅਧਿਕਾਰਾਂ ਦੇ ਖਿਲਾਫ਼

Published on 25 Oct, 2021 11:34 AM.


ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੋਮਵਾਰ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਬੀ ਐੱਸ ਐੱਫ ਦੇ ਵਧਾਏ ਗਏ ਅਧਿਕਾਰ ਖੇਤਰ ਸੰਬੰਧੀ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ | ਇਸ ਮੀਟਿੰਗ ਵਿਚ ਭਾਜਪਾ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ | ਕੇਂਦਰ ਸਰਕਾਰ ਨੇ ਸਰਹੱਦੀ ਸੁਰੱਖਿਆ ਬਲਾਂ ਦਾ ਅਧਿਕਾਰ ਖੇਤਰ ਕੰਟਰੋਲ ਰੇਖਾ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਹੈ | ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਰਕਾਰ ਦੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ | ਮੀਟਿੰਗ ਵਿੱਚ ਭਾਜਪਾ ਦੇ ਆਗੂ ਨਹੀਂ ਪੁੱਜੇ |
ਮੀਟਿੰਗ ਵਿਚ ਸ਼ਾਮਲ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਥੋੜ੍ਹਾ ਹੀ ਸਮਾਂ ਬਚਿਆ ਹੈ ਤੇ ਅਜਿਹੇ ਸਮੇਂ 'ਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਨੋਟੀਫਿਕੇਸ਼ਨ ਸਿਆਸਤ ਤੋਂ ਪ੍ਰੇਰਿਤ ਹੈ | ਉਨ੍ਹਾ ਕਿਹਾ ਕਿ ਕਾਨੂੰਨ ਵਿਵਸਥਾ ਕਾਇਮ ਰੱਖਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ | ਉਨ੍ਹਾ ਪੱਛਮੀ ਬੰਗਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੇ ਕੁਝ ਸਮਾਂ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਬੀ ਐੱਸ ਐੱਫ ਨੇ ਵੋਟਰਾਂ 'ਤੇ ਤਸ਼ੱਦਦ ਢਾਹਿਆ ਸੀ |
ਸਰਬ ਪਾਰਟੀ ਮੀਟਿੰਗ ਤੋਂ ਬਾਅਦ ਸਿੱਧੂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੇਂਦਰ ਸਰਕਾਰ ਤੋਂ ਬੀ ਐੱਸ ਐੱਫ ਦੇ ਅਧਿਕਾਰ ਖੇਤਰ ਵਿੱਚ ਵਾਧੇ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਉਨ੍ਹਾ ਕਿਹਾ ਕਿ ਇਹ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲਾ ਅਤੇ ਸੂਬਿਆਂ ਨਾਲ ਸਮੂਹਕ ਵਿਚਾਰ-ਵਟਾਂਦਰੇ ਦੀ ਅਣਹੋਂਦ ਅਤੇ ਲੋੜ ਤੋਂ ਬਿਨਾਂ ਗੈਰ-ਲੋੜੀਂਦਾ ਤੇ ਇਕਪਾਸੜ ਰਾਜਸੀ ਲਾਹੇ ਵਾਲਾ ਫੈਸਲਾ ਹੈ |
ਉਨ੍ਹਾ ਕਿਹਾ ਕਿ ਬੀ ਐੱਸ ਅੱੈਫ ਦਾ ਗਠਨ ਦੁਸ਼ਮਣ ਦੇਸ਼ਾਂ ਨੂੰ ਜਿੱਤਣ ਤੇ ਸਰਹੱਦਾਂ ਤੋਂ ਹੋ ਰਹੀ ਹਰ ਤਰ੍ਹਾਂ ਦੀ ਗੈਰਕਾਨੂੰਨੀ ਤਸਕਰੀ ਰੋਕਣ ਲਈ ਕੀਤਾ ਗਿਆ ਸੀ, ਪਰ ਹੁਣ ਬੀ ਐੱਸ ਐੱਫ ਨੂੰ ਟੇਢੇ ਢੰਗ ਨਾਲ ਕੇਂਦਰ ਵਲੋਂ ਪੰਜਾਬ ਚੋਣਾਂ ਜਿੱਤਣ ਲਈ ਅਤੇ ਪੰਜਾਬ ਦਾ ਸ਼ਾਂਤਮਈ ਮਾਹੌਲ ਭੈਅ-ਭੀਤ ਕਰਨ ਲਈ ਵਰਤਣਾ ਸਿੱਧੋ-ਸਿੱਧੀ ਪੰਜਾਬ ਦੇ ਲੋਕਾਂ ਦੀਆਂ ਲੋਕਤੰਤਰਿਕ ਤਾਕਤਾਂ ਦਾ ਵੀ ਅਪਮਾਨ ਹੈ | ਸਿੱਧੂ ਨੇ ਕਿਹਾ ਕਿ ਅਸਲ ਸੱਚਾਈ ਤਾਂ ਇਹ ਹੈ ਕਿ ਭਾਜਪਾ ਪੰਜਾਬ 'ਚ ਕਦੇ ਜਿੱਤ ਨਹੀਂ ਸਕਦੀ, ਇਸ ਕਰਕੇ ਉਹ ਪੰਜਾਬ ਵਿਚ ਸ਼ਾਂਤਮਈ ਚੋਣਾਂ ਨਹੀਂ ਹੋਣ ਦੇਣਾ ਚਾਹੁੰਦੀ, ਕਿਉਂਕਿ ਹੁਣ ਤੱਕ ਭਾਜਪਾ ਨੇ ਸੀ ਬੀ ਆਈ ਅਤੇ ਈ ਡੀ ਦੀ ਵਰਤੋਂ ਕਰਕੇ ਦੇਖ ਲਿਆ ਹੈ | ਆਖਰੀ ਹਥਿਆਰ ਵਜੋਂ ਭਾਜਪਾ ਨੇ ਹੁਣ ਬੀ ਐੱਸ ਐੱਫ ਨੂੰ ਵਰਤਿਆ ਹੈ, ਤਾਂ ਕਿ ਪੰਜਾਬੀ ਲੋਕਾਂ 'ਚ ਰਾਸ਼ਟਰਪਤੀ ਰਾਜ ਵਾਲਾ ਡਰ ਪੈਦਾ ਹੋ ਸਕੇ | ਸਿੱਧੂ ਨੇ ਪੁੱਛਿਆ ਕਿ ਇਹ ਫੈਸਲਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੀ ਕਿਉਂ ਆਇਆ? ਸਾਢੇ ਚਾਰ ਸਾਲ ਭਾਜਪਾ ਨੇ ਕੋਈ ਸਲਾਹ-ਮਸ਼ਵਰਾ ਕਿਉਂ ਨਹੀਂ ਕੀਤਾ? ਚੋਣ ਪ੍ਰਕਿਰਿਆ, ਜੋ ਕਿ ਜਮਹੂਰੀਅਤ ਦਾ ਧੁਰਾ ਹੁੰਦੀ ਹੈ, ਉਸ ਦਾ ਗਲ ਘੁੱਟਣ ਲਈ ਇਹ ਸਭ ਕੁਝ ਹੋ ਰਿਹਾ ਹੈ | ਇਸ ਨਾਲ ਭਾਜਪਾ ਪ੍ਰਤੀ ਪੰਜਾਬੀਆਂ ਅੰਦਰ ਸਿਰਫ਼ ਨਫ਼ਰਤ ਹੀ ਪੈਦਾ ਹੋਈ ਹੈ |

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper