ਕੋਲਕਾਤਾ ਹਾਦਸਾ; ਪੁਲ ਬਣਾ ਰਹੀ ਕੰਪਨੀ ਦੇ 5 ਅਧਿਕਾਰੀ ਹਿਰਾਸਤ 'ਚ

ਕੋਲਕਾਤਾ/ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਕੋਲਕਾਤਾ ਪੁਲਸ ਦੀ ਇੱਕ ਟੀਮ ਨੇ ਹੈਦਰਾਬਾਦ 'ਚ ਆਈ ਵੀ ਆਰ ਸੀ ਐੱਲ ਕੰਪਨੀ ਦੇ 5 ਅਧਿਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਕੋਲਕਾਤਾ 'ਚ ਡਿੱਗੇ ਫਲਾਈ ਓਵਰ ਦੀ ਉਸਾਰੀ ਦਾ ਠੇਕਾ ਇਸੇ ਕੰਪਨੀ ਕੋਲ ਸੀ। ਕੱਲ੍ਹ ਕੰਪਨੀ ਵਿਰੁੱਧ ਲਾਪਰਵਾਹੀ, ਸਾਜ਼ਿਸ਼ ਅਤੇ ਹੱਤਿਆ ਨਾਲ ਸੰਬੰਧਤ ਧਾਰਾਵਾਂ ਤਹਿਤ ਐੱਫ਼ ਆਈ ਆਰ ਦਰਜ ਕੀਤੀ ਗਈ ਸੀ। ਉਧਰ ਕੋਲਕਾਤਾ 'ਚ ਵਾਪਰੇ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ ਅਤੇ 80 ਤੋਂ ਜ਼ਿਆਦਾ ਜ਼ਖ਼ਮੀ ਹਸਪਤਾਲ 'ਚ ਦਾਖਲ ਹਨ ਅਤੇ ਅਜੇ ਵੀ ਮਲਬਾ ਪੂਰੀ ਤਰ੍ਹਾਂ ਨਹੀਂ ਹਟਾਇਆ ਜਾ ਸਕਿਆ। ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੀ ਫ਼ੌਜ ਦਾ ਕਹਿਣਾ ਹੈ ਕਿ ਮਲਬੇ 'ਚ ਹੋਰ ਲਾਸ਼ ਹੋਣ ਦੀ ਸੰਭਾਵਨਾ ਨਹੀਂ। ਫ਼ੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਲ ਦੇ ਮਲਬੇ 'ਚੋਂ ਹੋਰ ਲਾਸ਼ ਮਿਲਣ ਦੀ ਉਮੀਦ ਨਹੀਂ। ਉਨ੍ਹਾ ਕਿਹਾ ਕਿ ਹੁਣ ਮੁਹਿੰਮ ਦਾ ਟੀਚਾ ਮਲਬੇ ਨੂੰ ਹਟਾ ਕੇ ਸਾਫ਼ ਕਰਨਾ ਰਹਿ ਗਿਆ ਹੈ, ਤਾਂ ਜੋ ਆਮ ਵਰਗੀ ਸਥਿਤੀ ਕਾਇਮ ਹੋ ਸਕੇਗੀ। ਅੱਜ ਪੁਲ ਦਾ ਨਿਰਮਾਣ ਕਰ ਰਹੀ ਕੰਪਨੀ ਆਈ ਵੀ ਆਰ ਸੀ ਐੱਲ ਦੇ ਇੱਕ ਤਰਜਮਾਨ ਨੇ ਕਿਹਾ ਕਿ ਫਲਾਈ ਓਵਰ ਡਿੱਗਣ ਤੋਂ ਉਹ ਖੁਦ ਹੈਰਾਨ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੰਪਨੀ ਜਾਂਚ 'ਚ ਪੂਰਾ ਸਹਿਯੋਗ ਕਰੇਗੀ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਕੰਪਨੀ ਵਿਰੁੱਧ ਦਾਇਰ ਐੱਫ਼ ਆਈ ਆਰ ਬਾਰੇ ਜਾਣਕਾਰੀ ਨਹੀਂ ਅਤੇ ਇਸ ਸਿਲਸਿਲੇ 'ਚ ਹੁਣ ਤੱਕ ਕਿਸੇ ਨੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਉਧਰ ਕੋਲਕਾਤਾ 'ਚ ਪ੍ਰਭਾਵਤ ਇਲਾਕੇ 'ਚੋਂ ਮਲਬਾ ਹਟਾਉਣ ਲਈ ਨਾਗਰਿਕ ਸੁਰੱਖਿਆ ਪੁਲਸ, ਐੱਨ ਡੀ ਆਰ ਐੱਫ਼ ਅਤੇ ਫ਼ੌਜ ਦੇ ਜਵਾਨ ਸਾਰੀ ਰਾਤ ਲੱਗੇ ਰਹੇ। ਕੋਲਕਾਤਾ 'ਚ ਫਲਾਈ ਓਵਰ ਡਿੱਗਣ ਵਾਲੀ ਥਾਂ 'ਤੇ ਮੈਡੀਕਲ ਟੀਮ, ਡਾਕਟਰਾਂ ਅਤੇ ਡਾਕਟਰਾਂ ਸਮੇਤ ਫ਼ੌਜ ਦੇ ਤਕਰੀਬਨ 300 ਜਵਾਨ ਮੌਜੂਦ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਾਮਲੇ ਦੀ ਜਾਂਚ ਲਈ 6 ਮੈਂਬਰੀ ਟੀਮ ਦਾ ਗਠਨ ਕੀਤਾ ਹੈ ਅਤੇ ਫਲਾਈ ਓਵਰ ਦੀ ਉਸਾਰੀ ਕਰਵਾ ਰਹੀ ਕੰਪਨੀ ਵਿਰੁੱਧ ਤਿੰਨ ਐੱਫ਼ ਆਈ ਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾ ਮ੍ਰਿਤਕਾਂ ਦੇ ਪਰਵਾਰਾਂ ਨੂੰ 5-5 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 2-2 ਅਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੀ ਆਰਥਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।