Latest News
ਇਟਲੀ ਵੱਲੋਂ ਖੇਤੀਬਾੜੀ ਤੇ ਸਹਾਇਕ ਖੇਤਰਾਂ 'ਚ ਪੰਜਾਬ ਨਾਲ ਸਾਂਝ ਪਾਉਣ ਦੀ ਇੱਛਾ ਜ਼ਾਹਰ

Published on 20 Jul, 2017 11:32 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਟਲੀ ਵੱਲੋਂ ਖੇਤੀਬਾੜੀ ਦੇ ਖੇਤਰ ਅਤੇ ਸਥਿਰ ਵਿਕਾਸ ਲਈ ਪੰਜਾਬ ਨਾਲ ਸਹਿਯੋਗ ਦੀ ਇੱਛਾ ਜ਼ਾਹਰ ਕੀਤੀ ਗਈ ਹੈ।
ਇੰਡੋ-ਯੂਰਪੀਅਨ ਸੁਸਟੇਨਏਬਲ ਡਿਵੈਲਪਮੈਂਟ ਦੇ ਸੀ.ਈ.ਓ. ਜੌਹਨ ਮਾਰਟਿਨ ਥਾਮਸ ਦੀ ਅਗਵਾਈ ਵਿੱਚ ਇਟਲੀ ਕੰਪਨੀ ਐਨਸ ਦੇ ਇਕ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਨ੍ਹਾਂ ਸਮੇਤ ਹੋਰ ਇਲਾਕਿਆਂ ਵਿੱਚ ਆਪਸੀ ਸਹਿਯੋਗ 'ਤੇ ਵਿਚਾਰ ਕੀਤੀ।
ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਟਲੀ ਦੇ ਜਨਤਕ ਭਾਈਵਾਲੀ ਵਾਲੇ ਅਦਾਰੇ ਨੇ ਇਸ ਸਾਲ ਸਤੰਬਰ ਮਹੀਨੇ ਵਿੱਚ ਖੁਰਾਕ ਤੇ ਖੇਤੀ ਇੰਜੀਨੀਅਰਿੰਗ 'ਤੇ ਕਰਵਾਈ ਜਾ ਰਹੀ 242ਵੀਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੰਜਾਬ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਵਫ਼ਦ ਨੂੰ ਸ਼ਨਾਖ਼ਤ ਕੀਤੇ ਖੇਤਰਾਂ ਵਿੱਚ ਇਕੱਠੇ ਕੰਮ ਕਰਨ ਲਈ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਾਂਝੇ ਉਪਰਾਲਿਆਂ ਤੇ ਨਿਵੇਸ਼ ਪ੍ਰੋਗਰਾਮਾਂ ਰਾਹੀਂ ਰੁਜ਼ਗਾਰ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਵਫ਼ਦ ਦੇ ਮੈਂਬਰਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਇਸ ਵਫ਼ਦ ਦੇ ਕੁਝ ਮੈਂਬਰ ਪੰਜਾਬ ਦੇ ਮੂਲ ਵਾਸੀ ਹਨ। ਐਨਸ ਕੰਪਨੀ ਨੇ ਪੰਜਾਬ ਵਿੱਚ ਬੀ.ਓ.ਟੀ. ਆਧਾਰ 'ਤੇ ਸੜਕੀ ਨੈੱਟਵਰਕ ਦਾ ਵਿਕਾਸ ਕਰਨ ਤੋਂ ਇਲਾਵਾ ਸੂਰਜੀ ਊਰਜਾ ਦੇ ਵਿਕਾਸ ਵਿੱਚ ਦਿਲਚਸਪੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ 13 ਲੱਖ ਟਿਊਬਵੈਲਾਂ ਨੂੰ ਸੂਰਜੀ ਊਰਜਾ ਨਾਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ 2000 ਪੰਪ ਲਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਖੇਤੀਬਾੜੀ ਸੈਕਟਰ ਲਈ ਬਿਜਲੀ ਸਬਸਿਡੀ ਦੀ ਬੱਚਤ ਹੋਵੇਗੀ।
ਅਨਾਸ ਵੱਲੋਂ ਡੇਅਰੀ ਵਿਕਾਸ ਵਿੱਚ ਨਿਵੇਸ਼ ਦਾ ਇਕ ਹੋਰ ਖੇਤਰ ਸ਼ਨਾਖ਼ਤ ਕੀਤਾ ਗਿਆ ਹੈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਪਨੀਰ ਦਾ ਪ੍ਰੋਸੈਸ ਅਤੇ ਪੈਕਿੰਗ ਵਿਸ਼ੇਸ਼ ਤੌਰ 'ਤੇ ਸ਼ਾਮਲ ਹੈ। ਬੁਲਾਰੇ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਵਿਰਾਸਤ ਦੀ ਸੁਰੱਖਿਆ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ 'ਤੇ ਵੀ ਵਿਚਾਰ ਕੀਤੀ ਗਈ।
ਇਜ਼ਰਾਇਲ, ਜਪਾਨ ਅਤੇ ਆਸਟਰੇਲੀਆ ਸਮੇਤ ਕਈ ਹੋਰ ਮੁਲਕਾਂ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਵੱਖ-ਵੱਖ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਨ 'ਤੇ ਵਿਚਾਰ ਕੀਤੀ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੂਬੇ ਵਿੱਚ ਸਨਅਤ ਦੀ ਪੁਨਰ-ਸੁਰਜੀਤੀ ਲਈ ਕਈ ਕਦਮ ਚੁੱਕੇ ਹਨ ਅਤੇ ਨਵੀਂ ਸਨਅਤੀ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਵਪਾਰ ਨੂੰ ਸੁਖਾਲਾ ਬਣਾਉਣ ਦੇ ਨਾਲ-ਨਾਲ ਪੰਜਾਬ ਵਿੱਚ ਨਿਵੇਸ਼ ਕਰਨ ਵਾਲੇ ਸਨਅਤੀ ਘਰਾਣਿਆਂ ਤੇ ਦੂਜੇ ਉਦਯੋਗਾਂ ਲਈ ਬਿਹਤਰ ਮਾਹੌਲ ਕਾਇਮ ਕੀਤਾ ਜਾ ਸਕੇ। ਵਫਦ ਦੇ ਅਹਿਮ ਮੈਂਬਰਾਂ ਵਿਚ ਡੋਮੇਨਿਕੋ ਪੇਟਰੁਜ਼ੇਲੀ-ਐਨਸ ਇੰਟਰਨੈਸ਼ਨਲ ਇੰਜੀਨੀਰਿੰਗ, ਮੈਸੀਨੋ ਡੀ ਫੇਲਿਕ-ਡਾਇਰੈਕਟਰ ਓਪਰੇਟਿਵ, ਲੂਕਾ ਪੈਰਿਨੋ ਆਈ. ਆਈ. ਸੀ. ਸੀ. ਆਈ.-ਯੂਰਪੀਨ ਯੂਨੀਅਨਾਂ ਦੇ ਬ੍ਰਾਂਚ ਖਜ਼ਾਨਚੀ ਮਨਵੇਂਦਰਾ ਸਿੰਘ ਤੇ ਅਦਿਤਯਾ ਸੰਧੂ ਸ਼ਾਮਲ ਸਨ।

690 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper