ਜਦੋਂ ਤੱਕ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੁੰਦੀ ਤਲਾਸ਼ ਜਾਰੀ ਰਹੇਗੀ : ਸੁਸ਼ਮਾ ਸਵਰਾਜ


ਨਵੀਂ ਦਿੱਲੀ, (ਨ ਜ਼ ਸ)-ਸੰਸਦ ਦਾ ਮਾਨਸੂਨ ਸੈਸ਼ਨ ਜਾਰੀ ਹੈ। ਮੋਸੁਲ 'ਚ ਲਾਪਤਾ ਭਾਰਤੀ ਨਾਗਰਿਕਾਂ ਦੀ ਮੌਤ ਤੋਂ ਇਨਕਾਰ ਕਰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਬਿਆਨ ਦਿੱਤਾ। ਵਿਦੇਸ਼ ਮੰਤਰੀ ਨੇ ਕਿਹਾ, 'ਸਾਡੀ ਸਰਕਾਰ ਬਨਣ ਦੇ 20 ਦਿਨ ਬਾਅਦ ਇਹ ਘਟਨਾ ਹੋਈ। ਮੋਸੁਲ ਦੇ ਆਸ-ਪਾਸ ਦੀ ਤਲਾਸ਼ੀ ਲਈ ਗਈ। ਸਾਨੂੰ ਲਾਸ਼ਾਂ ਅਤੇ ਖੂਨ ਦੇ ਧੱਬੇ ਨਹੀਂ ਮਿਲੇ। ਇਸ ਲਈ ਲਾਪਤਾ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ। ਪੁਰਾਣੇ ਬਿਆਨ ਦਾ ਹਵਾਲਾ ਦਿੰਦੇ ਹੋਏ ਸੁਸ਼ਮਾ ਨੇ ਕਿਹਾ 'ਮੈਂ ਵਾਰ-ਵਾਰ ਕਿਹਾ ਹੈ ਕਿ ਸਾਡਾ ਸਿੱਧਾ ਸੰਪਰਕ ਨਹੀਂ। ਹਰਜੀਤ ਦੀ ਗੱਲ ਦਾ ਠੋਸ ਸਬੂਤ ਨਹੀਂ ਮਿਲਿਆ। ਮੈਂ 39 ਭਾਰਤੀਆਂ ਬਾਰੇ ਭੁਲੇਖੇ 'ਚ ਨਹੀਂ ਰੱਖਿਆ। ਬਿਨਾਂ ਠੋਸ ਸਬੂਤ ਮਿਲੇ ਕਿਸੇ ਨੂੰ ਮ੍ਰਿਤਕ ਕਹਿਣਾ ਪਾਪ ਹੈ। ਤਲਾਸ਼ 'ਚ ਮਦਦ ਕਰਨ ਵਾਲੇ ਦੇਸ਼ਾਂ ਨਾਲ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਹੈ। ਮਾਰੇ ਜਾਣ ਦਾ ਸਬੂਤ ਨਾ ਮਿਲਣ ਤੱਕ ਫਾਈਲ ਬੰਦ ਨਹੀਂ ਹੋਵੇਗੀ।'