Latest News
ਮੋਹਾਲੀ ਦੀ ਖੂਨੀ ਏਅਰਪੋਰਟ ਸੜਕ ਦੇ ਉਪਾਅ ਲਈ 30 ਦਿਨਾਂ 'ਚ ਸੁਝਾਅ ਦੇਣ ਲਈ ਕਮੇਟੀ ਦਾ ਗਠਨ

Published on 26 Sep, 2017 11:28 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਰੀ ਤਰ੍ਹਾਂ ਨੁਕਸਾਨੀ ਗਈ ਖੂਨੀ ਏਅਰਪੋਰਟ ਸੜਕ ਦੀ ਦਰੁਸਤੀ ਲਈ ਫੌਰੀ ਚੁੱਕੇ ਜਾਣ ਦਾ ਸੁਝਾਅ ਦੇਣ ਵਾਸਤੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਮੋਹਾਲੀ ਦੀ ਇਸ ਸੜਕ ਦੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀ ਸਿਫਾਰਿਸ਼ 'ਤੇ ਮੁੱਖ ਮੰਤਰੀ ਨੇ ਕਮੇਟੀ ਨੂੰ ਆਮ ਲੋਕਾਂ ਦੇ ਹਿੱਤਾਂ ਦੇ ਸੰਬੰਧ ਵਿੱਚ 30 ਦਿਨਾਂ ਦੇ ਵਿੱਚ ਰਿਪੋਰਟ ਪੇਸ਼ ਕਰਨ ਲਈ ਆਖਿਆ।
ਇਸ ਕਮੇਟੀ ਵਿੱਚ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ ਬੀ.ਐਸ. ਧਾਲੀਵਾਲ, ਚੀਫ ਇੰਜੀਨੀਅਰ ਨੈਸ਼ਨਲ ਹਾਈਵੇਅ ਪੀ.ਡਬਲਯੂ.ਡੀ. (ਬੀ ਐਂਡ ਆਰ) ਏ. ਕੇ. ਸਿੰਗਲਾ, ਚੀਫ ਇੰਜੀਨੀਅਰ ਗਮਾਡਾ ਸੁਨੀਲ ਕਾਂਸਲ ਅਤੇ ਪ੍ਰਿੰਸੀਪਲ ਸਾਇੰਟਿਸਟ ਅਤੇ ਹੈੱਡ ਆਫ ਫਲੈਕਸੀਬਲ ਪੇਵਮੈਂਟਸ ਡਿਵੀਜ਼ਨ ਸੈਂਟਰਲ ਰੋਡ ਰਿਸਰਚ ਇੰਸਟੀਚਿਊਟ (ਸੀ.ਆਰ.ਆਰ.ਆਈ.) ਮਨੋਜ ਕੁਮਾਰ ਸ਼ੁਕਲਾ ਸ਼ਾਮਲ ਹਨ।
ਇਹ ਸੜਕ ਪਿਛਲੇ ਅਕਾਲੀ ਸ਼ਾਸਨ ਦੌਰਾਨ 15 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੀ। 200 ਫੁੱਟ ਚੌੜੀ ਇਹ ਸੜਕ ਮੋਹਾਲੀ ਵਿੱਚੋਂ ਦੀ ਹੁੰਦੀ ਹੋਈ ਚੰਡੀਗੜ੍ਹ ਅੰਤਰ-ਰਾਸ਼ਟਰੀ ਹਵਾਈ-ਅੱਡੇ ਨੂੰ ਜਾਂਦੀ ਹੈ। ਇਸ ਸੜਕ ਨੇ ਬਹੁਤ ਸਾਰੀਆਂ ਜਾਨਾਂ ਲਈਆਂ ਹਨ। ਇਸ ਦੇ ਨਿਰਮਾਣ ਨੂੰ ਸਿਰਫ ਦੋ ਸਾਲ ਤੋਂ ਘੱਟ ਸਮਾਂ ਹੋਇਆ ਹੈ, ਪਰ ਫਿਰ ਵੀ ਇਹ ਗੱਡੀਆਂ ਚੱਲਣ ਵਾਲੀ ਨਹੀਂ ਰਹੀ ਹੈ। ਗਮਾਡਾ ਨੇ ਪਹਿਲਾਂ ਹੀ ਏਅਰਪੋਰਟ ਚੌਕ ਤੋਂ ਲਾਂਡਰਾ-ਬਨੂੜ ਸੜਕ ਟੀ-ਪੋਆਇੰਟ ਤੱਕ ਦੇ ਸਮੁੱਚੇ ਛੇ ਕਿਲੋਮੀਟਰ ਦੇ ਟੋਟੋ ਨੂੰ ਬੰਦ ਕਰ ਦਿੱਤਾ ਹੈ। ਇਹ ਫੈਸਲਾ ਲਗਾਤਾਰ ਹਾਦਸੇ ਵਾਪਰਣ ਕਾਰਨ ਲਿਆ ਗਿਆ ਹੈ।
ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਸੁਰਿੰਦਰਪਾਲ ਸਿੰਘ ਉਰਫ ਪਹਿਲਵਾਨ ਵੱਲੋਂ ਅਮਲ ਵਿੱਚ ਲਿਆਂਦੇ ਗਏ ਪ੍ਰਾਜੈਕਟਾਂ ਵਿੱਚੋਂ ਇਹ ਇਕ ਮੁੱਖ ਪ੍ਰਾਜੈਕਟ ਹੈ। ਇਸ ਸੜਕ ਦੀ ਪਹਿਲਾਂ ਹੀ ਸੀ.ਆਰ.ਆਰ.ਆਈ. ਦੁਆਰਾ ਤਕਨੀਕੀ ਜਾਂਚ ਚੱਲ ਰਹੀ ਹੈ। ਪਹਿਲਵਾਨ ਇਸ ਵੇਲੇ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਵੱਧ ਸੰਪਤੀ ਦੇ ਦੋਸ਼ ਹੇਠ ਸੀਖਾਂ ਪਿੱਛੇ ਹੈ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਸਥਾਪਤ ਕੀਤੀ ਗਈ ਇਹ ਕਮੇਟੀ ਸੀ.ਆਰ.ਆਰ.ਆਈ. ਜਾਂ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਤਕਨੀਕੀ ਜਾਂਚ ਤੋਂ ਅਲੱਗ ਕਾਰਜ ਕਰੇਗੀ।
ਸੀ.ਆਰ.ਆਰ.ਆਈ. ਨੂੰ ਜਾਂਚ ਦਾ ਇਹ ਕੰਮ ਇਸ ਸਾਲ ਫਰਵਰੀ ਵਿੱਚ ਸੌਂਪਿਆ ਸੀ ਅਤੇ ਇਸ ਨੇ ਚਾਰ ਜੁਲਾਈ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਸੀ, ਜਿਸ ਦਾ ਗਮਾਡਾ ਦੇ ਇੰਜੀਨੀਅਰਾਂ ਵੱਲੋਂ ਅਧਿਅਨ ਕੀਤਾ ਗਿਆ ਅਤੇ ਉਨ੍ਹਾਂ ਨੇ 21 ਜੁਲਾਈ ਨੂੰ ਸੀ.ਆਰ.ਆਰ.ਆਈ. ਨੂੰ ਆਪਣੀਆਂ ਟਿੱਪਣੀਆਂ ਭੇਜ ਦਿੱਤੀਆਂ। ਇਨ੍ਹਾਂ ਟਿੱਪਣੀਆਂ ਵਿੱਚੋਂ ਬਹੁਤ ਸਾਰੀਆਂ ਸੜਕ ਦੀ ਡਿਜ਼ਾਇਨ ਅਤੇ ਆਵਾਜਾਈ ਦੀ ਘਣਤਾ ਸੰਬੰਧੀ ਕੀਤੇ ਗਏ ਕਾਰਜਾਂ ਨਾਲ ਸਹਿ-ਹੋਂਦ ਹੈ। ਇਹ ਸਰਵੇ ਸੀ.ਆਰ.ਆਰ.ਆਈ. ਨੇ ਕੀਤਾ ਸੀ ਜਿਸ ਵਿੱਚ ਸੜਕ ਦੇ ਅਸਫਲ ਰਹਿਣ ਦੇ ਪ੍ਰਮੁੱਖ ਕਾਰਨਾਂ ਨੂੰ ਉਭਾਰਣ ਤੋਂ ਇਲਾਵਾ ਇਸ ਸੰਬੰਧੀ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਝਾਅ ਦਿੱਤੇ।

5273 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper