Latest News

ਬੈਂਕਾਂ 'ਚ ਪਏ 8 ਹਜ਼ਾਰ ਕਰੋੜ ਦਾ ਕੋਈ ਦਾਅਵੇਦਾਰ ਨਹੀਂ

Published on 13 Jan, 2018 10:24 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੇ ਵੱਖ-ਵੱਖ ਬੈਂਕਾਂ 'ਚ ਅਜਿਹਾ ਕਾਫ਼ੀ ਪੈਸਾ ਪਿਆ ਹੈ, ਜਿਸ ਦਾ ਕੋਈ ਦਾਅਵੇਦਾਰ ਹੀ ਨਹੀਂ। ਤਾਜ਼ਾ ਰਿਪੋਰਟ ਅਨੁਸਾਰ ਬੈਂਕਾਂ 'ਚ ਪਿਆ 'ਲਵਾਰਸ' ਪੈਸਾ 8 ਹਜ਼ਾਰ ਕਰੋੜ ਰੁਪਏ ਤੋਂ ਵੀ ਉਪਰ ਚਲਾ ਗਿਆ ਹੈ। ਬੈਂਕਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਨਿਯਮਾਂ 'ਚ ਸਖ਼ਤੀ ਕੀਤੇ ਜਾਣ ਕਾਰਨ ਅਜਿਹੇ ਖਾਤਿਆਂ ਦੀ ਗਿਣਤੀ ਵਧੀ ਹੈ, ਜਿਨ੍ਹਾਂ 'ਚ ਲਵਾਰਸ ਪੈਸਾ ਜਮ੍ਹਾਂ ਹੈ। ਜ਼ਿਕਰਯੋਗ ਹੈ ਕਿ ਖਾਤੇਦਾਰ ਦੀ ਮੌਤ ਮਗਰੋਂ ਹੁਣ ਬੈਂਕ ਉਸ ਨੂੰ ਉਸ ਦੇ ਪੈਸੇ ਦਿੰਦਾ ਹੈ, ਜੇ ਪੈਸੇ ਮੰਗਣ ਵਾਲਾ ਖਾਤਦਾਰ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਕਰਨ 'ਚ ਸਫ਼ਲ ਹੋ ਜਾਵੇ।
ਰਿਜ਼ਰਵ ਬੈਂਕ ਆਫ਼ ਇੰਡੀਆ (ਆਰ ਬੀ ਆਈ) ਵੱਲੋਂ ਜਾਰੀ ਤਾਜ਼ਾ ਰਿਪੋਰਟ ਅਨੁਸਾਰ ਵੱਖ-ਵੱਖ ਬੈਂਕਾਂ 'ਚ 2.63 ਕਰੋੜ ਖਾਤਿਆਂ 'ਚ ਜਮ੍ਹਾਂ 8864.6 ਕਰੋੜ ਰੁਪਏ ਦਾ ਕੋਈ ਦਾਅਵੇਦਾਰ ਹੀ ਨਹੀਂ। ਇਹ ਅੰਕੜੇ ਸਾਲ 2016 ਤੱਕ ਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 2012 ਤੋਂ 2016 ਵਿਚਕਾਰ ਅਰਥਾਤ ਪਿਛਲੇ 4 ਸਾਲਾਂ ਦੌਰਾਨ ਬੈਂਕਾਂ 'ਚ ਪਿਆ ਲਵਾਰਸ ਪੈਸਾ ਦੁਗਣਾ ਹੋ ਗਿਆ ਹੈ। ਉਨ੍ਹਾ ਦੱਸਿਆ ਕਿ ਸਾਲ 2012 'ਚ ਅਜਿਹੇ ਖਾਤਿਆਂ ਦੀ ਗਿਣਤੀ 1.32 ਕਰੋੜ ਸੀ, ਜਿਹੜੀ 2016 'ਚ ਵਧ ਕੇ 2.63 ਕਰੋੜ ਹੋ ਗਈ। 2012 'ਚ ਇਹਨਾਂ ਖਾਤਿਆਂ 'ਚ ਜਮ੍ਹਾਂ ਪੈਸਾ 3598 ਕਰੋੜ ਰੁਪਏ ਸੀ, ਜਿਹੜਾ 2016 'ਚ ਵਧ ਕੇ 8864 ਕਰੋੜ ਰੁਪਏ ਹੋ ਗਿਆ।
ਆਰ ਬੀ ਆਈ ਨੇ ਬੈਂਕਾਂ ਨੂੰ ਹਦਾਇਤ ਦਿੱਤੀ ਹੈ ਕਿ ਪਿਛਲੇ 10 ਸਾਲਾਂ ਤੋਂ ਜਿਹੜੇ ਖਾਤਿਆਂ ਦਾ ਕੋਈ ਦਾਅਵੇਦਾਰ ਸਾਹਮਣੇ ਨਹੀਂ ਆਇਆ, ਉਨ੍ਹਾਂ ਦੀ ਲਿਸਟ ਤਿਆਰ ਕਰਕੇ ਸਾਰੀਆਂ ਬੈਂਕਾਂ ਆਪੋ-ਆਪਣੀ ਵੈੱਬਸਾਈਟ 'ਤੇ ਅਪਲੋਡ ਕਰਨ। ਅਪਲੋਡ ਕੀਤੀ ਜਾਣ ਵਾਲੀ ਜਾਣਕਾਰੀ 'ਚ ਖਾਤੇਦਾਰਾਂ ਦੇ ਨਾਂਅ ਅਤੇ ਪਤੇ ਸ਼ਾਮਲ ਹੋਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਦੇ 47 ਲੱਖ ਖਾਤਿਆਂ 'ਚ 1036 ਕਰੋੜ ਰੁਪਏ ਜਮ੍ਹਾਂ ਹਨ, ਜਦਕਿ ਕੇਨਰਾ ਬੈਂਕ ਦੇ 47 ਲੱਖ ਖਾਤਿਆਂ 'ਚ 995 ਕਰੋੜ ਅਤੇ ਪੰਜਾਬ ਨੈਸ਼ਨਲ ਬੈਂਕ ਦੇ 23 ਲੱਖ ਖਾਤਿਆਂ 'ਚ 829 ਕਰੋੜ ਰੁਪਏ ਜਮ੍ਹਾਂ ਹਨ, ਜਿਨ੍ਹਾਂ ਦਾ ਕੋਈ ਦਾਅਵੇਦਾਰ ਨਹੀਂ।

215 Views

e-Paper