ਗਦਰੀ ਬਾਬਾ ਲਲਤੋਂ ਦੇ ਬੁੱਤ ਦੀ ਬੇਹੁਰਮਤੀ ਵਿਰੁੱਧ ਲੁਧਿਆਣਾ ਲਾਲੋ-ਲਾਲ

ਲੁਧਿਆਣਾ ਅੱਜ ਫਿਰ ਲਾਲੋ-ਲਾਲ ਸੀ। ਰੋਹ ਨਾਲ, ਜੋਸ਼ ਨਾਲ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨੇੜਲੇ ਸਾਥੀ ਅਤੇ ਗਦਰ ਦੀ ਲਹਿਰ ਦੇ ਪ੍ਰੇਰਨਾ-ਸਰੋਤ ਸਾਥੀ ਬਾਬਾ ਗੁਰਮੁਖ ਸਿੰਘ ਲਲਤੋਂ ਹੁਰਾਂ ਦੇ ਬੁੱਤ ਦੀ ਬੇਹੁਰਮਤੀ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਦੇਸ਼ ਭਗਤ ਸਫਾਂ ਨੇ ਚੇਤਾਵਨੀ ਦਿੱਤੀ ਕਿ ਇਸ ਅਪਮਾਨ ਨੂੰ ਅਸੀਂ ਹਰਗਿਜ਼ ਸਹਿਣ ਨਹੀਂ ਕਰਾਂਗੇ। ਪ੍ਰਸ਼ਾਸਨ ਅਤੇ ਪੁਲਸ ਨੇ ਭਾਵੇਂ ਬੇਹੁਰਮਤੀ ਅਤੇ ਭੰਨਤੋੜ ਦੀ ਇਸ ਸ਼ਰਮਨਾਕ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ, ਪਰ ਬੜੇ ਲੰਮੇ ਸੰਘਰਸ਼ਾਂ ਮਗਰੋਂ ਲਈ ਆਜ਼ਾਦੀ ਵਾਸਤੇ ਕੁਰਬਾਨੀਆਂ ਦੇਣ ਵਾਲੇ ਮਹਾਨ ਦੇਸ਼ ਭਗਤਾਂ ਨੂੰ ਚੇਤੇ ਕਰਦਿਆਂ ਦੇਸ਼ ਭਗਤ ਤਾਕਤਾਂ ਨੇ ਅੱਜ ਫਿਰ ਸੰਕਲਪ ਲਿਆ ਕਿ ਜੇ ਲੋੜ ਪਈ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਪਿੱਛੇ ਨਹੀਂ ਹਟਾਂਗੇ।rnਕਾਬਿਲੇ ਜ਼ਿਕਰ ਹੈ ਕਿ ਚਾਰ ਮਹੀਨੇ ਬੀਤਣ ਦੇ ਬਾਵਜੂਦ ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਦੇ ਆਦਮ-ਕੱਦ ਬੁੱਤ ਦੀ ਭੰਨਤੋੜ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਸਾਜ਼ਿਸ਼ੀ ਚੁੱਪ ਦੇ ਖਿਲਾਫ਼ ਰੋਹ ਪ੍ਰਗਟ ਕਰਨ ਲਈ ਅੱਜ ਕਾਮਾਗਾਟਾ ਮਾਰੂ ਕਮੇਟੀ ਲੁਧਿਆਣਾ, ਜ਼ਿਲੇ ਦੀਆਂ ਦਰਜਨਾਂ ਕਿਸਾਨ ਅਤੇ ਮਜਦੂਰ ਜਥੇਬੰਦੀਆਂ, ਜਮਹੂਰੀ ਅਤੇ ਤਰਕਸ਼ੀਲ ਸੰਗਠਨਾਂ, ਅਤੇ ਹੋਰ ਲੋਕ-ਪੱਖੀ ਜਥੇਬੰਦੀਆਂ ਅੱਜ ਬਾਅਦ ਤੱਕ ਰਹੀਆਂ। ਸਭ ਤੋਂ ਪਹਿਲਾਂ ਮਿੰਨੀ ਸਕੱਤਰੇਤ ਦੇ ਬਾਹਰ ਭਰਵੀਂ ਰੈਲੀ ਕੀਤੀ ਗਈ। ਜ਼ੋਰਦਾਰ ਨਾਅਰਿਆਂ ਨੇ ਆਲੇ-ਦੁਆਲੇ ਨੂੰ ਦੱਸ ਦਿੱਤਾ ਕਿ ਦੇਸ਼ ਭਗਤਾਂ ਦੇ ਵਾਰਿਸ ਅਜੇ ਜਿਊਂਦੇ ਹਨ। ਬੁਲਾਰਿਆਂ ਵਾਰੋਵਾਰੀ ਇਸ ਸਾਜਿਸ਼ੀ ਹਰਕਤ ਪਿੱਛੇ ਲੁਕੇ ਨਾਪਾਕ ਇਰਾਦਿਆਂ ਨੂੰ ਬੇਨਕਾਬ ਕੀਤਾ।rnਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਉਚੇਚੇ ਤੌਰ 'ਤੇ ਪੁੱਜੇ ਕਾਮਰੇਡ ਗੁਰਮੀਤ ਸਿੰਘ ਨੇ ਚੇਤੇ ਕਰਾਇਆ ਕਿ ਪਹਿਲਾਂ ਵੀ ਜਦੋਂ-ਜਦੋਂ ਦੇਸ਼ ਦੁਸ਼ਮਣ ਅਨਸਰਾਂ ਨੇ ਦੇਸ਼ ਭਗਤਾਂ ਨੂੰ ਚੁਣੌਤੀ ਦਿੱਤੀ ਹੈ ਤਾਂ ਉਸ ਦਾ ਮੂੰਹ ਤੋੜ ਜੁਆਬ ਦਿੱਤਾ ਗਿਆ ਹੈ। ਹੁਣ ਵੀ ਅਸੀਂ ਕਿਸੇ ਅੰਦੋਲਨ ਤੋਂ ਪਿਛੇ ਨਹੀਂ ਹਟਾਂਗੇ। ਲੋੜ ਪਈ ਤਾਂ ਡਾਂਗਾਂ, ਗੋਲੀਆਂ ਦਾ ਸਾਹਮਣਾ ਵੀ ਕੀਤਾ ਜਾਏਗਾ, ਪਰ ਦੇਸ਼ ਭਗਤੀ ਦੇ ਜਜ਼ਬੇ ਨੂੰ ਮਾਰਨ ਵਾਲੀ ਸਾਜ਼ਿਸ਼ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ ਹੋਣ ਦਿੱਤੀ ਜਾਏਗੀ। ਉਹਨਾ ਕਿਹਾ ਕਿ ਇਸ ਸ਼ਰਮਨਾਕ ਕਾਰੇ ਪਿਛੇ ਕਿਸੇ ਐੱਮ ਐੱਲ ਏ ਦੇ ਰਲੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਅਸਲ ਵਿੱਚ ਬਾਦਲ ਅਤੇ ਮੋਦੀ ਤੱਕ ਸਾਰੇ ਹੀ ਦੇਸ਼ ਦੇ ਖਿਲਾਫ਼ ਸਾਜ਼ਿਸ਼ਾਂ ਵਿੱਚ ਰਲੇ ਹੋਏ ਹਨ। ਕਾਮਰੇਡ ਗੁਰਮੀਤ ਨੇ ਇਤਿਹਾਸ ਦੇ ਵਰਕੇ ਫਰੋਲਦਿਆਂ ਲੋਕ-ਪੱਖੀ ਤਾਕਤਾਂ ਦੇ ਸ਼ਾਨਦਾਰ ਵਿਰਸੇ ਅਤੇ ਅਜਿਹੇ ਕਈ ਐਕਸ਼ਨਾਂ ਦਾ ਵੀ ਜ਼ਿਕਰ ਕੀਤਾ।rnਕਈ ਹੋਰ ਬੁਲਾਰਿਆਂ ਨੇ ਵੀ ਪੁਲਸ ਅਤੇ ਸਿਆਸੀ ਗੁੰਡਾ ਗਠਜੋੜ ਦੀ ਨਿਖੇਧੀ ਕਰਦਿਆਂ ਇਸ ਨੂੰ ਬੇਨਕਾਬ ਕੀਤਾ। ਇਸ ਬੁੱਤ ਦੀ ਬੇਹੁਰਮਤੀ ਕਰਨ ਵਾਲੇ ਅਨਸਰਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 7 ਵਾਰ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਜਾ ਚੁੱਕੀ ਹੈ। ਤਿੰਨ ਵਾਰ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾ ਚੁੱਕਿਆ ਹੈ। ਰੈਲੀਆਂ, ਧਰਨਿਆਂ ਅਤੇ ਰੋਸ ਵਖਾਵਿਆਂ ਦੇ ਬਾਵਜੂਦ ਪੁਲਸ ਅਤੇ ਪ੍ਰਸ਼ਾਸਨ ਦੇ ਕੰਨਾਂ ਉੱਤੇ ਜੂੰ ਨਹੀਂ ਸਰਕ ਰਹੀ। ਅੱਜ ਇਹ ਰੋਸ ਮਾਰਚ ਚੇਤਾਵਨੀ ਸੀ ਕਿ ਜੇ ਅਜੇ ਵੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਅੰਦੋਲਨ ਹੋਰ ਤਿੱਖਾ ਹੋਵੇਗਾ। ਬੁਲਾਰਿਆਂ ਜ਼ੋਰ ਦਿੱਤਾ ਕਿ ਅਸੀਂ ਆਪਣੇ ਨਾਇਕਾਂ ਦਾ ਸਨਮਾਨ ਕਰਨਾ ਵੀ ਜਾਣਦੇ ਹਾਂ ਅਤੇ ਅਪਮਾਨ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਵੀ ਸਾਨੂੰ ਆਉਂਦਾ ਹੈ। ਬੁਲਾਰਿਆਂ ਕਿਹਾ ਕੀ ਜੇ ਕਿਸੇ ਬਾਬੇ ਦੀ ਫਿਲਮ ਦੇ ਪੋਸਟਰ ਨੂੰ ਕੋਈ ਪਾੜ ਜਾਏ ਤਾਂ ਉਸ ਪੋਸਟਰ ਦੀ ਰਾਖੀ ਲਈ ਕਾਰਵਾਈ ਹੁੰਦੀ ਹੈ, ਪਰ ਦੇਸ਼ ਭਗਤਾਂ ਦੇ ਮਾਮਲੇ ਵਿੱਚ ਸ਼ਰਮਨਾਕ ਨਮੋਸ਼ੀ ਭਰੀ ਚੁੱਪ ਵਰਤੀ ਗਈ ਹੈ।rnਇਸ ਮੌਕੇ ਉੱਤੇ ਕਾਮਰੇਡ ਡੀ ਪੀ ਮੌੜ ਨੇ ਮੰਚ ਸੰਚਾਲਨ ਕੀਤਾ। ਉਜਾਗਰ ਸਿੰਘ ਬੱਦੋਵਾਲ, ਕਾਮਰੇਡ ਬਲਵੰਤ ਸਿੰਘ ਮਖੂ, ਐਡਵੋਕੇਟ ਕੁਲਦੀਪ ਸਿੰਘ, ਕਸਤੂਰੀ ਲਾਲ, ਡਾਕਟਰ ਅਰੁਣ ਮਿੱਤਰਾ, ਕਾਮਰੇਡ ਜਗਦੀਸ਼ ਚੰਦ, ਕਾਮਰੇਡ ਮਨਜੀਤ ਸਿੰਘ, ਜਸਦੇਵ ਸਿੰਘ ਲਲਤੋਂ, ਹਰਜਿੰਦਰ ਸਿੰਘ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਸੌਦਾਗਰ ਸਿੰਘ ਘੁਢਾਣੀ, ਕਾਮਰੇਡ ਗੁਰਨਾਮ ਸਿੰਘ ਸਿੱਧੂ ਅਤੇ ਕਈ ਹੋਰਾਂ ਨੇ ਇਸ ਬਾਰੇ ਆਪਣੇ ਵਿਚਾਰ ਪ੍ਰਗਟਾਏ। ਕਾਮਰੇਡ ਲਖਵਿੰਦਰ ਨੇ ਸਾਵਧਾਨ ਕੀਤਾ ਕਿ ਸਾਡੇ ਮਹਾਂ ਦੇਸ਼ ਭਗਤਾਂ ਨੂੰ ਫਿਰਕੂ ਲੀਹਾਂ 'ਤੇ ਵੰਡਣ ਦੀ ਸਾਜ਼ਿਸ਼ ਵੀ ਜ਼ੋਰਾਂ 'ਤੇ ਹੈ, ਸੋ ਇਸ ਤੋਂ ਸੁਚੇਤ ਰਹਿਣਾ ਜ਼ਰੂਰੀ ਹੈ।rnਇਸ ਭਰਵੇਂ ਇਕੱਠ ਨੂੰ ਦੇਖ ਕੇ ਸਾਰਾ ਪ੍ਰਸ਼ਾਸਨ ਵੀ ਘਬਰਾਇਆ ਹੋਇਆ ਲੱਗ ਰਿਹਾ ਸੀ।rnਪੁਲਸ ਦੇ ਭਾਰੀ ਬੰਦੋਬਸਤ ਕੀਤੇ ਗਏ ਸਨ। ਡੀ ਸੀ ਨੇ ਰੋਹ ਭਰੇ ਲੋਕਾਂ ਦਾ ਸਾਹਮਣਾ ਕਰਨ ਦੀ ਬਜਾਏ ਆਪਣਾ ਪ੍ਰਤੀਨਿਧੀ ਭੇਜ ਕੇ ਮੰਗ ਪੱਤਰ ਲਿਆ ਅਤੇ ਯੋਗ ਕਾਰਵਾਈ ਦਾ ਭਰੋਸਾ ਵੀ ਦਿੱਤਾ।