Latest News

ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਿਆ

ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ ਅਤੇ ਦਰਿਆ ਵਿਚ ਕਿਸਾਨਾਂ ਵੱਲੋਂ ਬੀਜੀਆਂ ਫ਼ਸਲਾਂ ਡੁੱਬਣ ਲੱਗ ਪਈਆਂ ਹਨ, ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ ਹਨ।
ਪਿਛਲੇ ਕਈ ਦਿਨਾਂ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਪੈ ਰਹੀ ਲਗਾਤਾਰ ਬਾਰਿਸ਼ ਅਤੇ ਕੱਲ੍ਹ ਰਾਤ ਬੇਟ ਇਲਾਕੇ ਵਿਚ ਪਈ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ਵਿਚ ਜਿੱਥੇ ਪਾਣੀ ਦਾ ਵਹਾਅ ਪਹਿਲਾਂ ਨਾਲੋਂ ਤੇਜ਼ ਹੋ ਗਿਆ ਹੈ, ਉਥੇ ਪਾਣੀ ਦਾ ਸਤਰ ਵਧਣ ਕਾਰਨ ਇਹ ਪਾਣੀ ਧੁੱਸੀ ਬੰਨ੍ਹ ਦੇ ਕਿਨਾਰਿਆਂ ਨੂੰ ਛੂਹਣ ਲੱਗ ਪਿਆ ਹੈ। ਇਸ ਸਮੇਂ ਭਾਵੇਂ ਹਲਾਤ ਠੀਕਠਾਕ ਹਨ ਤੇ ਜੇਕਰ ਪਿੱਛੇ ਹੋਰ ਰਹੀ ਭਾਰੀ ਬਾਰਿਸ਼ ਪੈ ਗਈ ਤਾਂ ਦਰਿਆ ਵਿਚ ਹੜ੍ਹ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ ਤੇ ਧੁੱਸੀ ਬੰਨ੍ਹ ਨੂੰ ਖਤਰਾ ਪੈਦਾ ਹੋ ਸਕਦਾ ਹੈ। ਪਿੰਡ ਸੈਸੋਂਵਾਲ ਖੁਰਦ ਨੇੜੇ ਦਰਿਆ ਦਾ ਪਾਣੀ ਦੇਖਣ ਆਏ ਪਿੰਡ ਮਿਲਕੋਵਾਲ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ, ਰਾਜ ਸਿੰਘ ਤੇ ਪਿੰਡ ਸੈਸੋਂਵਾਲ ਖੁਰਦ ਦੇ ਕਰਨੈਲ ਸਿੰਘ, ਭਜਨ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਗੁਰਦਿਆਲ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਦਰਿਆ ਦਾ ਪਾਣੀ ਚੜ੍ਹਦਾ ਜਾ ਰਿਹਾ ਹੈ, ਜੋ ਕਿ ਇਹ ਪਾਣੀ ਹੁਣ ਉਚੀਆਂ ਥਾਵਾਂ 'ਤੇ ਬੀਜੀ ਧਾਨਾਂ ਦੀ ਫਸਲ 'ਚ ਵੀ ਭਰ ਗਿਆ ਤੇ ਇਸ ਦੇ ਨਾਲ ਹੀ ਅੱਗੇ ਧੁੱਸੀ ਬੰਨ੍ਹ ਨੂੰ ਜਾ ਲੱਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਹੋਰ ਬਾਰਿਸ਼ ਹੋ ਗਈ ਤਾਂ ਧੁੱਸੀ ਬੰਨ੍ਹ ਨੂੰ ਖਤਰਾ ਹੋ ਸਕਦਾ ਹੈ, ਕਿਉਂਕਿ ਇਹ ਧੁੱਸੀ ਬੰਨ੍ਹ 'ਚ ਕਈ ਥਾਵਾਂ ਤੋਂ ਖਾਰਾ ਪੈਣ ਕਾਰਨ ਇਹ ਕਮਜ਼ੋਰ ਹੋ ਚੁੱਕਿਆ ਹੈ ਅਤੇ ਉਪਰ ਦੀ ਰੇਤੇ ਵਾਲੀਆਂ ਭਾਰੀ ਗੱਡੀਆਂ ਲੰਘਣ ਕਾਰਨ ਇਸ ਦੀ ਹਾਲਤ ਖਸਤਾ ਬਣ ਚੁੱਕੀ ਹੈ, ਜਦਕਿ ਸਿੰਚਾਈ ਵਿਭਾਗ ਵੱਲੋਂ ਇਸ ਦੀ ਮੁਰੰਮਤ ਲਈ ਇਸ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੁਪਾਣਾ ਨੇੜੇ ਵੀ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ।
ਦਰਿਆ 'ਚ ਚੱਲ ਰਿਹਾ 33 ਹਜ਼ਾਰ ਕਿਊੁਸਿਕ ਪਾਣੀ : ਐਕਸੀਅਨ
ਸਿੰਚਾਈ ਵਿਭਾਗ ਦੇ ਐਕਸੀਅਨ ਬਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਮੇਂ ਦਰਿਆ 'ਚ 33 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਹੈ ਤੇ ਇਹ ਸਾਰਾ ਪਾਣੀ ਮੀਂਹ ਦਾ ਹੈ, ਜਿਸ ਕਾਰਨ ਦਰਿਆ ਦੇ ਧੁੱਸੀ ਬੰਨ੍ਹ ਅਤੇ ਲੋਕਾਂ ਦੀਆਂ ਫਸਲਾਂ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਿੰਚਾਈ ਵਿਭਾਗ ਵੱਲੋਂ ਪਾਣੀ ਦੇ ਵੱਧਦੇ ਪੱਧਰ ਨੂੰ ਦੇਖਦੇ ਹੋਏ ਪੂਰੀ ਚੌਕਸੀ ਰੱਖੀ ਜਾ ਰਹੀ ਹੈ।

1161 Views

e-Paper